ਕੋਰੋਨਾ ਨੇ ਮੁੜ ਵਧਾਈ ਚਿੰਤਾ; 41,806 ਨਵੇਂ ਮਾਮਲੇ, ਸਰਗਰਮ ਮਰੀਜ਼ਾਂ ਦੀ ਗਿਣਤੀ ’ਚ ਵੀ ਇਜ਼ਾਫਾ
Thursday, Jul 15, 2021 - 11:24 AM (IST)
ਨਵੀਂ ਦਿੱਲੀ (ਭਾਸ਼ਾ)— ਭਾਰਤ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਹੁਣ ਵੱਧਣ ਲੱਗ ਪਈ ਹੈ। ਪਿਛਲੇ 24 ਘੰਟਿਆਂ ਵਿਚ ਵਾਇਰਸ ਦੇ 41,806 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮਹਾਮਾਰੀ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 3,09,87,880 ’ਤੇ ਪਹੁੰਚ ਗਈ ਹੈ, ਜਦਕਿ ਇਲਾਜ ਅਧੀਨ (ਸਰਗਰਮ) ਮਰੀਜ਼ਾਂ ਦੀ ਗਿਣਤੀ ਵੀ ਵੱਧ ਕੇ 4,32,041 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ’ਚ 2,095 ਮਾਮਲਿਆਂ ਦਾ ਵਾਧਾ ਹੋਇਆ ਹੈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਾਇਰਸ ਦੇ ਕੁੱਲ ਮਾਮਲਿਆਂ ਦਾ 1.39 ਫ਼ੀਸਦੀ ਹੈ, ਜਦਕਿ ਕੋਵਿਡ-19 ਤੋਂ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ 97.28 ਫ਼ੀਸਦੀ ਹੈ।
ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 581 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਮਿ੍ਰਤਕਾਂ ਦਾ ਅੰਕੜਾ ਵੱਧ ਕੇ 4,11,989 ਹੋ ਗਿਆ ਹੈ। ਉੱਥੇ ਹੀ ਹੁਣ ਤੱਕ 3,01,43,850 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਚੁੱਕੇ ਹਨ। ਇਕ ਦਿਨ ’ਚ 39,130 ਮਰੀਜ਼ ਕੋਰੋਨਾ ਤੋਂ ਠੀਕ ਹੋਏ ਹਨ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 39,13,40,491 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ, ਬੀਤੇ ਕੱਲ੍ਹ ਯਾਨੀ ਕਿ ਬੁੱਧਵਾਰ ਨੂੰ 34,97,058 ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਖ਼ੁਰਾਕ ਦਿੱਤੀ ਗਈ ਹੈ।
ਮੰਤਰਾਲਾ ਨੇ ਬੁੱਧਵਾਰ ਨੂੰ ਕੋਵਿਡ-19 ਲਈ 19,43,488 ਨਮੂਨਿਆਂ ਦੀ ਜਾਂਚ ਕੀਤੀ, ਜਿਸ ਨਾਲ ਹੁਣ ਤੱਕ ਦੇਸ਼ ਵਿਚ ਇਸ ਮਹਾਮਾਰੀ ਦਾ ਪਤਾ ਲਾਉਣ ਲਈ ਕੀਤੇ ਗਏ ਨਮੂਨਿਆਂ ਦੀ ਜਾਂਚ ਦੀ ਗਿਣਤੀ 43,80,11,985 ਹੋ ਗਈ ਹੈ। ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਆਉਣ ਤੋਂ ਰੋਕਣ ਲਈ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਮਾਸਕ ਪਹਿਨ ਕੇ ਰੱਖੋ, ਦੋ ਗਜ਼ ਦੀ ਦੂਰੀ ਬਣਾ ਕੇ ਰੱਖੋ, ਹੱਥਾਂ ਨੂੰ ਸਾਫ ਰੱਖੋ ਅਤੇ ਵੈਕਸੀਨ ਜ਼ਰੂਰ ਲਗਵਾਓ।