ਕੇਜਰੀਵਾਲ ਦੀ ਲੋਕਾਂ ਨੂੰ ਅਪੀਲ- ਘਰਾਂ 'ਚ ਹੀ ਰਹੋ, ਹੈਲਪਲਾਈਨ ਨੰਬਰ ਕੀਤਾ ਜਾਰੀ
Wednesday, Mar 25, 2020 - 06:07 PM (IST)
ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਲਾਕ ਡਾਊਨ (ਬੰਦ) ਦੌਰਾਨ ਰਾਸ਼ਟਰੀ ਰਾਜਧਾਨੀ 'ਚ ਰੋਜ਼ਾਨਾ ਇਸਤੇਮਾਲ ਦੀਆਂ ਚੀਜ਼ਾਂ ਦੀ ਸਪਲਾਈ ਯਕੀਨੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਸਮੱਸਿਆ ਹੋਣ 'ਤੇ ਹੈਲਪਲਾਈਨ ਨੰਬਰ : 011-23469536 'ਤੇ ਦਿੱਲੀ ਪੁਲਸ ਕਮਿਸ਼ਨਰ ਦਫਤਰ ਨੂੰ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਜਿਵੇਂ ਕਿ ਸਬਜ਼ੀ ਵਿਕ੍ਰੇਤਾਵਾਂ, ਕਰਿਆਨਾ ਸਟੋਰ ਅਤੇ ਦੁੱਧ ਵਿਕ੍ਰੇਤਾਵਾਂ ਲਈ ਈ-ਪਾਸ ਜਾਰੀ ਕੀਤੇ ਜਾਣਗੇ।
ਕੇਜਰੀਵਾਲ ਨੇ ਉੱਪ ਰਾਜਪਾਲ ਅਨਿਲ ਬੈਜਲ ਨਾਲ ਇਕ ਸਾਂਝੇ ਪੱਤਰਕਾਰ ਸੰੰਮੇਲਨ 'ਚ ਕਿਹਾ ਕਿ ਈ-ਪਾਸ ਲਈ ਹੈਲਪਲਾਈਨ ਨੰਬਰ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਹਟ 'ਚ ਖਰੀਦਦਾਰੀ ਨਾ ਕਰਨ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਸਰਕਾਰ ਯਕੀਨੀ ਕਰੇਗੀ ਕਿ ਦੁੱਧ, ਸਬਜ਼ੀਆਂ, ਕਰਿਆਨੇ ਦਾ ਸਾਮਾਨ ਅਤੇ ਦਵਾਈਆਂ ਵਰਗੀਆਂ ਰੋਜ਼ਾਨਾ ਦੇ ਸਾਮਾਨ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।
ਮੁੱਖ ਮੰਤਰੀ ਨੇ ਜ਼ੋਰ ਦਿੱਤਾ ਕਿ ਇਨ੍ਹਾਂ ਜ਼ਰੂਰੀ ਚੀਜ਼ਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਲਾਕ ਡਾਊਨ ਦੇ ਇਸ ਸਮੇਂ 'ਚ ਘਰਾਂ 'ਚ ਹੀ ਰਹਿਣ ਦੀ ਅਪੀਲ ਕੀਤੀ ਹੈ। ਉੱਪ ਰਾਜਪਾਲ ਬੈਜਲ ਨੇ ਕਿਹਾ ਕਿ ਦਿੱਲੀ ਸਰਕਾਰ ਲਾਕ ਡਾਊਨ ਨੂੰ ਸਖਤੀ ਨਾਲ ਅਮਲ 'ਚ ਲਿਆਉਣ ਲਈ ਯਕੀਨੀ ਕਰੇਗੀ।