ਮਾਂ ਦੀ ਕੁੱਖ ਤੋਂ ਬੱਚੇ ਤੱਕ ਪੁੱਜਾ ''ਕੋਰੋਨਾ'', ਦੇਸ਼ ''ਚ ਕੋਵਿਡ-19 ਦਾ ਅਜਿਹਾ ਪਹਿਲਾ ਮਾਮਲਾ

Tuesday, Jul 28, 2020 - 04:36 PM (IST)

ਮਾਂ ਦੀ ਕੁੱਖ ਤੋਂ ਬੱਚੇ ਤੱਕ ਪੁੱਜਾ ''ਕੋਰੋਨਾ'', ਦੇਸ਼ ''ਚ ਕੋਵਿਡ-19 ਦਾ ਅਜਿਹਾ ਪਹਿਲਾ ਮਾਮਲਾ

ਪੁਣੇ (ਭਾਸ਼ਾ)— ਮਹਾਰਾਸ਼ਟਰ ਦੇ ਪੁਣੇ ਸਥਿਤ ਸਸੂਨ ਹਸਪਤਾਲ ਵਿਚ ਗਰਭਨਾਲ ਦੇ ਜ਼ਰੀਏ ਮਾਂ ਤੋਂ ਬੱਚੇ 'ਚ ਕੋਰੋਨਾ ਵਾਇਰਸ ਪਹੁੰਚਣ ਦਾ ਦੇਸ਼ ਵਿਚ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰਾਂ ਨੇ ਇਸ ਨੂੰ 'ਵਰਟੀਕਲ ਟਰਾਂਸਮਿਸ਼ਨ' ਕਰਾਰ ਦਿੱਤਾ ਹੈ। ਪੀੜਤ ਮਾਂ ਦੀ ਕੁੱਖ 'ਚ ਬੱਚਾ ਹੋਣ 'ਤੇ ਵਰਟੀਕਲ ਟਰਾਂਸਮਿਸ਼ਨ ਹੁੰਦਾ ਹੈ ਅਤੇ ਗਰਭਨਾਲ ਜ਼ਰੀਏ ਵਾਇਰਸ ਬੱਚੇ ਤੱਕ ਪਹੁੰਚ ਜਾਂਦਾ ਹੈ। ਸਸੂਨ ਹਸਪਤਾਲ ਦੀ ਬਾਲ ਰੋਗ ਮਹਿਕਮੇ ਦੀ ਪ੍ਰਧਾਨ ਡਾ. ਆਰਤੀ ਕੀਨੀਕਰ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਵਾਇਰਸ ਦਾ ਸ਼ਿਕਾਰ ਹੁੰਦਾ ਹੈ ਤਾਂ ਉਹ ਮੁੱਖ ਰੂਪ ਨਾਲ ਕਿਸੀ ਅਜਿਹੀ ਚੀਜ਼ ਦੇ ਸੰਪਰਕ ਵਿਚ ਆਉਂਦਾ ਹੈ, ਜਿਸ ਨਾਲ ਵਾਇਰਸ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮਾਂ ਕੋਰੋਨਾ ਤੋਂ ਪੀੜਤ ਹੈ ਤਾਂ ਡਿਲਿਵਰੀ ਤੋਂ ਬਾਅਦ ਦੁੱਧ ਚੁੰਘਾਉਣ ਜਾਂ ਕਿਸੇ ਹੋਰ ਕਾਰਨ ਕਰ ਕੇ ਸੰਪਰਕ ਵਿਚ ਆਉਣ 'ਤੇ ਬੱਚਾ ਪੀੜਤ ਹੋ ਸਕਦਾ ਹੈ। 

ਡਾ. ਕੀਨੀਕਰ ਨੇ ਕਿਹਾ ਕਿ ਸਾਧਾਰਣ ਤਰੀਕੇ ਨਾਲ ਸਮਝਿਆ ਜਾਵੇ ਤਾਂ ਬੱਚੇ ਨੂੰ ਜਨਮ ਦੇ ਸਮੇਂ ਵਾਇਰਸ ਨਹੀਂ ਹੁੰਦਾ ਸਗੋਂ 3-4 ਦਿਨ ਬਾਅਦ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਵਰਟੀਕਲ ਟਰਾਂਸਮਿਸ਼ਨ ਦਾ ਅਰਥ ਹੈ ਕਿ ਬੱਚਾ ਜਦੋਂ ਮਾਂ ਦੀ ਕੁੱਖ ਵਿਚ ਹੈ ਅਤੇ ਮਾਂ ਪੀੜਤ ਹੈ (ਉਸ ਵਿਚ ਲੱਛਣ ਹੋ ਸਕਦੇ ਹਨ, ਨਹੀਂ ਵੀ ਹੋ ਸਕਦੇ ਹਨ) ਤਾਂ ਗਰਭਨਾਲ ਜ਼ਰੀਏ ਵਾਇਰਸ ਬੱਚੇ 'ਚ ਦਾਖ਼ਲ ਹੋ ਸਕਦਾ ਹੈ। ਡਾਕਟਰ ਨੇ ਅੱਗੇ ਕਿਹਾ ਕਿ ਇਸ ਮਾਮਲੇ ਵਿਚ ਡਿਲਿਵਰੀ ਤੋਂ ਪਹਿਲਾਂ ਮਾਂ ਵਿਚ ਕੋਵਿਡ-19 ਦੇ ਲੱਛਣ ਸਨ। ਉਨ੍ਹਾਂ ਦੱਸਿਆ ਕਿ ਬੱਚੀ ਦੇ ਜਨਮ ਮਗਰੋਂ ਉਸ ਦੀ ਨੱਕ ਤੋਂ ਲਏ ਗਏ ਮਯੂਕਸ ਦੇ ਨਮੂਨੇ ਅਤੇ ਗਰਭਨਾਲ ਦੀ ਜਾਂਚ ਕੀਤੀ ਤਾਂ ਉਸ ਵਿਚ ਵਾਇਰਸ ਦੀ ਪੁਸ਼ਟੀ ਹੋਈ। ਨਵਜਾਤ ਨੂੰ ਵੱਖਰੇ ਵਾਰਡ ਵਿਚ ਰੱਖਿਆ ਗਿਆ। ਜਨਮ ਦੇ 2-3 ਦਿਨ ਬਾਅਦ ਬੱਚੇ ਨੂੰ ਵੀ ਬੁਖਾਰ ਵਰਗੇ ਲੱਛਣ ਦਿੱਸਣ ਲੱਗੇ। 

ਡਾਕਟਰ ਨੇ ਕਿਹਾ ਕਿ ਬੱਚੇ ਨੂੰ ਆਈ. ਸੀ. ਯੂ. ਵਿਚ ਰੱਖਿਆ ਗਿਆ ਹੈ ਅਤੇ ਦੋ ਹਫ਼ਤਿਆਂ ਤੋਂ ਬਾਅਦ ਉਹ ਠੀਕ ਹੋ ਗਿਆ। ਡਾਕਟਰ ਮੁਤਾਬਕ ਜਾਂਚ ਦੌਰਾਨ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਹ ਵਰਟੀਕਲ ਟਰਾਂਸਮਿਸ਼ਨ ਦਾ ਮਾਮਲਾ ਸੀ। ਅਸੀਂ ਤਿੰਨ ਹਫ਼ਤਿਆਂ ਤੱਕ ਉਡੀਕ ਕੀਤੀ ਅਤੇ ਐਂਟੀਬੌਡੀ ਪ੍ਰਤੀਕਿਰਿਆ ਦੇਖਣ ਲਈ ਮਾਂ ਅਤੇ ਨਵਜਾਤ ਦੇ ਖੂਨ ਦੇ ਨਮੂਨਿਆਂ ਦੀ ਜਾਂਚ ਕੀਤੀ। ਦੋਹਾਂ ਦੇ ਸਰੀਰ ਵਿਚ ਐਂਟੀਬੌਡੀ ਬਣ ਗਈ ਸੀ। ਉਨ੍ਹਾਂ ਲਈ ਇਹ ਚੁਣੌਤੀਪੂਰਨ ਮਾਮਲਾ ਸੀ। ਡਾ. ਕੀਨੀਕਰ ਨੇ ਕਿਹਾ ਕਿ ਇਸ ਮਾਮਲੇ ਨੂੰ ਕਿਸੇ ਵੱਕਾਰੀ ਕੌਮਾਂਤਰੀ ਸੋਧ ਮੈਗਜ਼ੀਨ ਵਿਚ ਪ੍ਰਕਾਸ਼ਿਤ ਕਰਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਓਧਰ ਸਸੂਨ ਹਸਪਤਾਲ ਦੇ ਡੀਨ ਡਾ. ਮੁਰਲੀਧਰ ਤਾਮਬੇ ਨੇ ਕਿਹਾ ਕਿ ਭਾਰਤ 'ਚ ਵਾਇਰਸ ਦੇ ਵਰਟੀਕਲ ਟਰਾਂਸਮਿਸ਼ਨ ਦਾ ਇਹ ਪਹਿਲਾ ਮਾਮਲਾ ਹੈ। ਬੱਚੀ ਦਾ ਜਨਮ ਮਈ ਦੇ ਆਖਰੀ ਹਫ਼ਤੇ ਹੋਇਆ ਸੀ। ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਂ ਅਤੇ ਬੱਚੀ ਨੂੰ ਹਸਪਤਾਲ 'ਚ ਤਿੰਨ ਹਫ਼ਤਿਆਂ ਦੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਸੀ।


author

Tanu

Content Editor

Related News