ਬਾਲਗ ਆਬਾਦੀ ’ਚ ਵਰਤੋਂ ਲਈ ਕੋਵੀਸ਼ੀਲਡ, ਕੋਵੈਕਸੀਨ ਨੂੰ ਨਿਯਮਿਤ ਮਾਰਕੀਟਿੰਗ ਦੀ ਮਨਜ਼ੂਰੀ ਦਿੱਤੀ ਗਈ

01/28/2022 5:54:11 PM

ਨਵੀਂ ਦਿੱਲੀ– ਭਾਰਤ ਦੇ ਦਵਾਈ ਰੈਗੂਲੇਟਰ ਨੇ ਬਾਲਗ ਆਬਾਦੀ ਵਿਚ ਵਰਤੋਂ ਲਈ ਕੋਵਿਡ-19 ਟੀਕਿਆਂ-ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਕੁਝ ਸ਼ਰਤਾਂ ਦੇ ਨਾਲ ਵੀਰਵਾਰ ਨੂੰ ਨਿਯਮਿਤ ਮਾਰਕੀਟਿੰਗ ਦੀ ਮਨਜ਼ੂਰੀ ਦੇ ਦਿੱਤੀ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਨਵੇਂ ਦਵਾਈ ਅਤੇ ਕਲੀਨਿਕਲ ਪ੍ਰੀਖਣ ਨਿਯਮ, 2019 ਤਹਿਤ ਇਹ ਮਨਜ਼ੂਰੀ ਦਿੱਤੀ ਗਈ ਹੈ। ਸ਼ਰਤਾਂ ਤਹਿਤ ਫਰਮਾਂ ਦੇ ਚੱਲ ਰਹੇ ਕਲੀਨਿਕਲ ਪ੍ਰੀਖਣਾਂ ਦਾ ਡਾਟਾ ਪੇਸ਼ ਕਰਨਾ ਹੋਵੇਗਾ।

ਟੀਕਾਕਰਣ ਤੋਂ ਬਾਅਦ ਹੋਣ ਵਾਲੇ ਉਲਟ ਪ੍ਰਭਾਵਾਂ ’ਤੇ ਨਜ਼ਰ ਰੱਖੀ ਜਾਵੇਗੀ। ਕੇਂਦਰੀ ਦਵਾਈ ਮਾਪਦੰਡ ਕੰਟਰੋਲ ਸੰਗਠਨ (ਸੀ. ਡੀ. ਐੱਸ. ਸੀ. ਓ.) ਦੀ ਕੋਵਿਡ-19 ਸੰਬੰਧੀ ਵਿਸ਼ੇਸ਼ ਮਾਹਰ ਕਮੇਟੀ (ਐੱਸ. ਈ. ਸੀ.) ਨੇ 19 ਜਨਵਰੀ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ. ਆਈ. ਆਈ.) ਦੇ ਕੋਵੀਸ਼ੀਲਡ ਅਤੇ ਭਾਰਤ ਬਾਇਓਟੈੱਕ ਦੇ ਕੋਵੈਕਸੀਨ ਨੂੰ ਕੁਝ ਸ਼ਰਤਾਂ ਦੇ ਨਾਲ ਨਿਯਮਿਤ ਮਾਰਕੀਟਿੰਗ ਮਨਜ਼ੂਰੀ ਪ੍ਰਦਾਨ ਕਰਨ ਦੀ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਭਾਰਤ ਦੇ ਦਵਾਈ ਜਨਰਲ ਕੰਟਰੋਲਰ (ਡੀ. ਸੀ. ਜੀ. ਆਈ.) ਨੇ ਇਹ ਮਨਜ਼ੂਰੀ ਦਿੱਤੀ।

ਐੱਸ.ਆਈ.ਆਈ. ਦੇ ਨਿਰਦੇਸ਼ਕ (ਸਰਕਾਰੀ ਅਤੇ ਰੈਗੂਲੇਟਰ ਮਾਮਲੇ) ਪ੍ਰਕਾਸ਼ ਕੁਮਾਰ ਸਿੰਘ ਨੇ ਇਸ ਮਾਮਲੇ ’ਚ 25 ਅਕਤੂਬਰ ਨੂੰ ਡੀ.ਸੀ.ਜੀ.ਆਈ ਨੂੰ ਇਕ ਅਰਜ਼ੀ ਦਿੱਤੀ ਸੀ। ਇਸ ’ਤੇ ਡੀ.ਸੀ.ਜੀ.ਆਈ. ਨੇ ਪੁਣੇ ਸਥਿਤ ਕੰਪਨੀ ਤੋਂ ਜ਼ਿਆਦਾ ਡਾਟਾ ਅਤੇ ਦਸਤਾਵੇਜ਼ ਮੰਗੇ ਸਨ ਜਿਸਤੋਂ ਬਾਅਦ ਸਿੰਘ ਨੇ ਹਾਲਹੀ ’ਚ ਜ਼ਿਆਦਾ ਡਾਟਾ ਅਤੇ ਜਾਣਕਾਰੀ ਦੇ ਨਾਲ ਇਕ ਜਵਾਬ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਸੀ, ‘ਕੋਵੀਸ਼ੀਲਡ ਦੇ ਨਾਲ ਇੰਡੇ ਵੱਡੇ ਪੱਧਰ ’ਤੇ ਟੀਕਾਕਰਨ ਅਤੇ ਕੋਵਿਡ-19 ਦੀ ਰੋਕਥਾਮ ਆਪਣੇ ਆਪ ’ਚ ਟੀਕੇ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦਾ ਪ੍ਰਮਾਣ ਹੈ।’ ਡੀ.ਸੀ.ਜੀ.ਆਈ. ਨੂੰ ਭੇਜੀ ਗਈ ਇਕ ਅਰਜ਼ੀ ’ਚ ਹੈਦਰਾਬਾਦ ਸਥਿਤ ਭਾਰਤ ਬਾਇਓਟੈੱਕ ਦੇ ਪੂਰੇ ਸਮੇਂ ਦੇ ਡਾਇਰੈਕਟਰ ਵੀ. ਕ੍ਰਿਸ਼ਣ ਮੋਹਨ ਨੇ ਕੋਵੈਕਸੀਨ ਲਈ ਨਿਯਮਤ ਮਾਰਕੀਟਿੰਗ ਕਲੀਅਰੈਂਸ ਦੀ ਮੰਗ ਕਰਦੇ ਹੋਏ ਟੀਕੇ ਨਾਲ ਸੰਬੰਧਿਤ ਸਮੁੱਚੀ ਜਾਣਕਾਰੀ ਉਪਲੱਬਦ ਕਰਵਾਈ ਸੀ। ਮੋਹਨ ਨੇ ਅਰਜ਼ੀ ’ਚ ਕਿਹਾ ਸੀ ਕਿ ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਟਿਡ (ਬੀ.ਬੀ.ਆਈ.ਐੱਲ.) ਨੇ ਭਾਰਤ ’ਚ ਟੀਕੇ (ਕੋਵੈਕਸੀਨ) ਦੇ ਵਿਕਾਸ, ਉਤਾਪਦਨ ਅਤੇ ਮੈਡੀਕਲ ਮੂਲਾਂਕਣ ਕਰਨ ਦੀ ਚੁਣੌਤੀ ਸਵਿਕਾਰ ਕੀਤੀ ਸੀ। ਕੋਵੈਕਸੀਨ ਅਤੇ ਕੋਵੀਸ਼ੀਲਡ ਨੂੰ 3 ਜਨਵਰੀ ਨੂੰ ਸੰਕਟਕਾਲੀਨ ਵਰਤੋਂ ਦਾ ਅਧਿਕਾਰ (ਈ.ਯੂ.ਏ.) ਦਿੱਤਾ ਗਿਆ ਸੀ।

ਇਸਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਸੂਤਰਾਂ ਨੇ ਦੱਸਿਆ ਸੀ ਕਿ ਦੋਵਾਂ ਟੀਕਿਆਂ ਦੀ ਕੀਮਤ ਪ੍ਰਤੀ ਖੁਰਾਕ 275 ਰੁਪਏ ਅਤੇ ਵਾਧੂ ਸੇਵਾ ਸ਼ੁਲਕ 150 ਰੁਪਏ ਤਕ ਸੀਮਿਤ ਰੱਖਣ ਦੀ ਸੰਭਾਵਨਾ ਹੈ। ਨੈਸ਼ਨਲ ਡਰੱਗ ਪ੍ਰਾਈਸਿੰਗ ਅਥਾਰਟੀ (ਐੱਨ.ਪੀ.ਪੀ.ਏ.) ਨੂੰ ਟੀਕਿਆਂ ਨੂੰ ਕਿਫਾਇਤੀ ਬਣਾਉਣ ਲਈ ਕੀਮਤ ਨੂੰ ਸੀਮਿਤ ਰੱਖਣ ਦੀ ਦਿਸ਼ਾ ’ਚ ਕੰਮ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਹੁਣ ਤਕ ਕੋਵੈਕਸੀਨ ਦੀ ਕੀਮਤ 1,200 ਰੁਪਏ ਪ੍ਰਤੀ ਖੁਰਾਕ ਹੈ, ਜਦਕਿ ਕੋਵੀਸ਼ੀਲਡ ਦੀ ਇਕ ਖੁਰਾਕ ਦੀ ਕੀਮਤ ਨਿੱਜੀ ਹਸਪਤਾਲਾਂ ’ਚ 780 ਰੁਪਏ ਹੈ। ਕੀਮਤਾਂ ’ਚ 150 ਰੁਪਏ ਦਾ ਸੇਵਾ ਸ਼ੁਲਕ ਵੀ ਸ਼ਾਮਲ ਹੈ। ਫਿਲਹਾਲ ਦੋਵੇਂ ਟੀਕੇ ਦੇਸ਼ ’ਚ ਸਿਰਫ ਐਮਰਜੈਂਸੀ ਵਰਤੋਂ ਲਈ ਅਧਿਕਾਰਤ ਹਨ।


Rakesh

Content Editor

Related News