ਕਿਸਾਨਾਂ ਕੋਲ ਪਹੁੰਚ ਰਹੇ ਕੋਰਟ ਦੇ ਸੰਮਨ, ਚਢੂਨੀ ਬੋਲੇ- ਅਦਾਲਤ ਵਿਚ ਪੇਸ਼ ਹੋਣ ਦੀ ਲੋੜ ਨਹੀਂ
Friday, Jan 21, 2022 - 03:04 PM (IST)
ਹਰਿਆਣਾ- ਕਿਸਾਨ ਅੰਦੋਲਨ ਸਮੇਂ ਕਿਸਾਨਾਂ ਵਿਰੁੱਧ ਮੁਕੱਦਮੇ ਦਰਜ ਕੀਤੇ ਗਏ ਸਨ ਅਤੇ ਇਹ ਮੁਕੱਦਮੇ ਅਦਾਲਤ ਵਿਚ ਚੱਲ ਰਹੇ ਹਨ। ਹਾਲਾਂਕਿ ਸਰਕਾਰ ਨੇ ਇਨ੍ਹਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਪਰ ਕਿਸਾਨਾਂ ਨੂੰ ਅਦਾਲਤ ਤੋਂ ਸੰਮਨ ਆ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਚਢੂਨੀ ਦੇ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਹਰਿਆਣਾ ਦੇ ਕਈ ਕਿਸਾਨਾਂ ਨੂੰ ਨੋਟਿਸ ਆ ਰਹੇ ਹਨ। ਚਢੂਨੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਸਮਾਪਤੀ ਸਮੇਂ ਸਰਕਾਰ ਨੇ ਫ਼ੈਸਲਾ ਲਿਆ ਸੀ ਕਿ ਮੁਕੱਦਮੇ ਵਾਪਸ ਲੈਣਗੇ। ਹਾਲਾਂਕਿ, ਅਦਾਲਤੀ ਮੁਕੱਦਮਿਆਂ 'ਚ ਸਮਾਂ ਲੱਗ ਰਿਹਾ ਹੈ। ਕਿਸੇ ਵੀ ਭਰਾ ਨੂੰ ਸੰਮਨ ਆ ਜਾਵੇ ਤਾਂ ਨਾ ਲੈਣ। ਜੇਕਰ ਉਹ ਸੰਮਨ ਲੈ ਵੀ ਲੈਂਦੇ ਹਨ ਤਾਂ ਅਦਾਲਤ ਵਿਚ ਪੇਸ਼ ਹੋਣ ਦੀ ਲੋੜ ਨਹੀਂ ਹੈ।
ਇਸ ਸਬੰਧੀ ਸੀ.ਆਈ.ਡੀ. ਮੁਖੀ ਨਾਲ ਪਹਿਲਾਂ ਵੀ ਦੋ ਮੀਟਿੰਗਾਂ ਹੋ ਚੁੱਕੀਆਂ ਹਨ। ਆਉਣ ਵਾਲੇ ਸਮੇਂ ਵਿਚ ਵੀ ਮੀਟਿੰਗ ਹੋਵੇਗੀ। ਚਢੂਨੀ ਨੇ ਕਿਹਾ ਕਿ ਸਰਕਾਰ ਨੇ ਜੋ ਫ਼ੈਸਲਾ ਕੀਤਾ ਹੈ, ਉਸ 'ਤੇ ਨਜ਼ਰ ਰੱਖੀ ਜਾ ਰਹੀ ਹੈ। ਕਿਸਾਨ ਉਡੀਕ ਕਰਨ। ਘਬਰਾਉਣ ਦੀ ਲੋੜ ਨਹੀਂ। ਜਿਵੇਂ ਹੀ ਅਗਲੇਰੀ ਹਦਾਇਤਾਂ ਆਉਣਗੀਆਂ, ਕਿਸਾਨਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਟਿਕਰੀ, ਸਿੰਘੂ ਬਾਰਡਰ 'ਤੇ ਦਿੱਤੇ ਗਏ ਧਰਨਿਆਂ ਦੌਰਾਨ ਕਿਸਾਨਾਂ 'ਤੇ ਮੁਕੱਦਮੇ ਦਰਜ ਕੀਤੇ ਗਏ ਸਨ। ਹਰਿਆਣਾ 'ਚ ਵੀ ਕਈ ਥਾਂਵਾਂ 'ਤੇ ਧਰਨਾ ਪ੍ਰਦਰਸ਼ਨ ਦੌਰਾਨ ਮੁਕੱਦਮੇ ਦਰਜ ਹੋਏ। ਸਰਕਾਰ ਨਾਲ ਹੋਏ ਸਮਝੌਤੇ ਤੋਂ ਬਾਅਦ ਸਰਕਾਰ ਨੇ ਬੇਹੱਦ ਗੰਭੀਰ ਕੇਸਾਂ ਨੂੰ ਛੱਡ ਕੇ ਬਾਕੀ ਰਹਿੰਦੇ ਕੇਸਾਂ ਨੂੰ ਵਾਪਸ ਲੈਣ ਲਈ ਸਹਿਮਤੀ ਪ੍ਰਗਟਾਈ ਸੀ, ਜਿਸ ’ਤੇ ਅਮਲ ਕੀਤਾ ਜਾ ਰਿਹਾ ਹੈ। ਹਰਿਆਣਾ 'ਚ ਕਿਸਾਨ ਅੰਦੋਲਨ ਦੌਰਾਨ ਕਰੀਬ 276 ਕੇਸ ਦਰਜ ਕੀਤੇ ਗਏ ਸਨ। ਇਨ੍ਹਾਂ 'ਚੋਂ 4 ਮਾਮਲੇ ਗੰਭੀਰ ਹਨ। ਇਹ ਚਾਰੇ ਮਾਮਲੇ ਕਤਲ ਅਤੇ ਬਲਾਤਕਾਰ ਦੇ ਹਨ। ਪੁਲਸ ਵੱਲੋਂ ਦਰਜ 272 ਕੇਸਾਂ 'ਚੋਂ 178 ਕੇਸਾਂ 'ਚ ਚਾਰਜਸ਼ੀਟ ਤਿਆਰ ਕੀਤੀ ਗਈ। 158 ਕੇਸ ਅਜੇ ਵੀ ਅਣਟਰੇਸ ਹਨ। 8 ਦੀ ਕੈਂਸਿਲੇਸ਼ਨ ਰਿਪੋਰਟ ਤਿਆਰ ਕਰ ਲਈ ਗਈ ਹੈ। ਚਾਰ ਕੇਸਾਂ ਦੀਆਂ ਕੈਂਸਿਲੇਸ਼ਨ ਰਿਪੋਰਟ ਫ਼ਾਇਲ ਕਰ ਦਿੱਤੀ ਗਈ ਹੈ। 29 ਕੇਸ ਰੱਦ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ