'ਨਾਗਰਿਕਤਾ ਸਾਬਤ ਕਰਨ ਲਈ ਵੋਟਰ Voter ID ਅਤੇ ਪਾਸਪੋਰਟ ਸਹੀ ਦਸਤਾਵੇਜ਼'

Monday, Dec 16, 2019 - 01:35 PM (IST)

'ਨਾਗਰਿਕਤਾ ਸਾਬਤ ਕਰਨ ਲਈ ਵੋਟਰ Voter ID ਅਤੇ ਪਾਸਪੋਰਟ ਸਹੀ ਦਸਤਾਵੇਜ਼'

ਮੁੰਬਈ— ਪਾਸਪੋਰਟ ਅਤੇ ਵੋਟਰ ਪਛਾਣ ਪੱਤਰ ਨਾਗਰਿਕਤਾ ਸਾਬਤ ਕਰਨ ਲਈ ਸਹੀ ਦਸਤਾਵੇਜ਼ ਹਨ। ਇਹ ਕਹਿੰਦੇ ਹੋਏ ਮੁੰਬਈ ਦੀ ਇਕ ਮੈਜਿਸਟ੍ਰੇਟ ਕੋਰਟ ਨੇ ਪਿਤਾ-ਪੁੱਤਰ ਨੂੰ ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਰੂਪ ਨਾਲ ਦੇਸ਼ 'ਚ ਦਾਖਲ ਹੋਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਦਰਅਸਲ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬੰਗਲਾਦੇਸ਼ੀ ਘੁਸਪੈਠੀਏ ਮੁੰਬਈ ਦੇ ਸ਼ਿਵਾਜੀ ਨਗਰ 'ਚ ਰਹਿ ਰਹੇ ਹਨ। ਜਿਸ ਤੋਂ ਬਾਅਦ ਮੁਹੰਮਦ ਮੁੱਲਾ (57) ਅਤੇ ਸੈਫੁਲ ਨੂੰ ਸਾਲ 2017 'ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਸ  ਦਾ ਕਹਿਣਾ ਸੀ ਕਿ ਉਹ ਬੰਗਲਾਦੇਸ਼ ਦੀ ਸਥਾਨਕ ਭਾਸ਼ਾ 'ਚ ਗੱਲ ਕਰ ਰਹੇ ਸਨ ਅਤੇ ਉਹ ਭਾਰਤੀ ਹੋਣ ਦਾ ਸਹੀ ਸਬੂਤ ਵੀ ਨਹੀਂ ਦੇ ਸਕੇ ਸਨ। ਹਾਲਾਂਕਿ ਦੋਹਾਂ ਪਿਤਾ-ਪੁੱਤਰ ਨੇ ਕੋਰਟ 'ਚ ਆਪਣੇ ਭਾਰਤੀ ਪਾਸਪੋਰਟ ਅਤੇ ਵੋਟਰ ਪਛਾਣ ਪੱਤਰ ਪੇਸ਼ ਕਰ ਦਿੱਤੇ।

ਕੋਰਟ ਨੇ ਕਿਹਾ ਕਿ ਸੈਫੁਲ ਅਤੇ ਮੁਹੰਮਦ ਦੀ ਨਾਗਰਿਕਤਾ ਸਾਬਤ ਕਰਨ ਲਈ ਪਾਸਪੋਰਟ ਇਕ ਉੱਚਿਤ ਦਸਤਾਵੇਜ਼ ਹੈ। ਇਸ ਤਰ੍ਹਾਂ ਵੋਟਰ ਕਾਰਡ ਵੀ ਇਸ ਗੱਲ ਲਈ ਪੇਸ਼ ਕੀਤਾ ਜਾ ਸਕਦਾ ਹੈ ਕਿ ਉਹ ਭਾਰਤ ਦਾ ਨਾਗਰਿਕ ਹੈ। ਹਾਲਾਂਕਿ ਆਧਾਰ ਕਾਰਡ ਨਾਗਰਿਕਤਾ ਸਾਬਤ ਕਰਨ ਲਈ ਉੱਚਿਤ ਨਹੀਂ ਹੈ। ਉੱਥੇ ਹੀ ਰਾਸ਼ਨ ਕਾਰਡ ਸਿਰਫ ਮਨੁੱਖੀ ਆਧਾਰ 'ਤੇ ਜਾਰੀ ਕੀਤਾ ਜਾਂਦਾ ਹੈ, ਤਾਂ ਕਿ ਲੋਕਾਂ ਨੂੰ ਭੁੱਖਮਰੀ ਤੋਂ ਬਚਾਇਆ ਜਾ ਸਕੇ ਪਰ ਇਸ ਦੀ ਵਰਤੋਂ ਨਾਗਰਿਕਤਾ ਸਾਬਤ ਕਰਨ ਲਈ ਨਹੀਂ ਕੀਤੀ ਜਾ ਸਕਦੀ।

ਕੋਰਟ ਨੇ ਮੁਹੰਮਦ ਅਤੇ ਸੈਫੁਲ ਦੇ ਪੱਖ 'ਚ ਸੁਣਵਾਈ ਕਰਦੇ ਹੋਏ ਦੇਖਿਆ ਕਿ ਪੁਲਸ ਅਜਿਹਾ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੀ, ਜੋ ਪਾਸਪੋਰਟ ਜਾਂ ਵੋਟਰ ਆਈ.ਡੀ. ਦੇ ਫਰਜ਼ੀ ਹੋਣ ਦੀ ਗੱਲ ਨੂੰ ਸਾਬਤ ਕਰਦਾ ਹੋਵੇ। ਸਾਲ 2017 'ਚ ਜਦੋਂ ਇਨ੍ਹਾਂ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਨ੍ਹਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਉਹ ਬੰਗਲਾਦੇਸ਼ੀ ਹਨ ਅਤੇ ਗਰੀਬੀ-ਭੁੱਖਮਰੀ ਤੋਂ ਬਚਣ ਲਈ ਬਿਨਾਂ ਪਾਸਪੋਰਟ ਦੇ ਭਾਰਤ ਆਏ ਸਨ।


author

Tanu

Content Editor

Related News