ਅਮਿਤ ਸ਼ਾਹ ਦਾ ਦਾਅਵਾ: ''ਦੇਸ਼ ਨੇ ਮਨ ਬਣਾ ਲਿਆ ਹੈ ਕਿ PM ਮੋਦੀ ਤੀਜੀ ਵਾਰ ਸੰਭਾਲਣਗੇ ਸੱਤਾ''

Sunday, Feb 18, 2024 - 02:35 PM (IST)

ਅਮਿਤ ਸ਼ਾਹ ਦਾ ਦਾਅਵਾ: ''ਦੇਸ਼ ਨੇ ਮਨ ਬਣਾ ਲਿਆ ਹੈ ਕਿ PM ਮੋਦੀ ਤੀਜੀ ਵਾਰ ਸੰਭਾਲਣਗੇ ਸੱਤਾ''

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਆਗਾਮੀ ਲੋਕ ਸਭਾ ਚੋਣਾਂ ਦੀ ਮਹਾਭਾਰਤ ਦੀ ਲੜਾਈ ਨਾਲ ਤੁਲਨਾ ਕਰਦਿਆਂ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲਾ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ.ਡੀ.ਏ.) ਕੰਮ ਕਰ ਰਿਹਾ ਹੈ। ਦੂਜੇ ਪਾਸੇ ਕਾਂਗਰਸ ਦੀ ਅਗਵਾਈ ਵਾਲਾ 'ਇੰਡੀਆ ਗਠਜੋੜ' ਪਰਿਵਾਰ ਆਧਾਰਿਤ ਪਾਰਟੀਆਂ ਅਤੇ ਭ੍ਰਿਸ਼ਟ ਲੋਕਾਂ ਨਾਲ ਭਰਿਆ ਹੋਇਆ ਹੈ। 

ਭਾਜਪਾ ਦੇ ਦੋ ਰੋਜ਼ਾ ਸੰਮੇਲਨ ਦੇ ਆਖ਼ਰੀ ਦਿਨ 'ਭਾਜਪਾ: ਰਾਸ਼ਟਰ ਦੀ ਉਮੀਦ, ਵਿਰੋਧੀ ਧਿਰ ਦੀ ਨਿਰਾਸ਼ਾ' ਮਤੇ 'ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਵੰਸ਼ਵਾਦ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਨੂੰ ਉਤਸ਼ਾਹਿਤ ਕਰਨ ਲਈ ਵਿਰੋਧੀ 'ਇੰਡੀਆ' ਗਠਜੋੜ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਇਨ੍ਹਾਂ ਪਾਰਟੀਆਂ ਨੂੰ ਚਲਾ ਰਹੇ ਪਰਿਵਾਰਾਂ ਦੀ ਦੂਜੀ, ਤੀਜੀ ਅਤੇ ਚੌਥੀ ਪੀੜ੍ਹੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਵਿਰੋਧੀ ਧਿਰ 2-ਜੀ, 3-ਜੀ ਅਤੇ 4-ਜੀ ਪਾਰਟੀਆਂ ਨਾਲ ਭਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਮਾਜ ਦੇ ਸਾਰੇ ਵਰਗਾਂ ਦੇ ਵਿਕਾਸ ਲਈ ਕੰਮ ਕੀਤਾ ਹੈ ਅਤੇ ਵਿਸ਼ਵ ਪੱਧਰ 'ਤੇ ਦੇਸ਼ ਦਾ ਕੱਦ ਉੱਚਾ ਕੀਤਾ ਹੈ। 

ਸ਼ਾਹ ਨੇ ਕਿਹਾ ਕਿ ਲੋਕਾਂ ਦੇ ਮਨਾਂ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਧਾਨ ਮੰਤਰੀ ਤੀਜੀ ਵਾਰ ਸੱਤਾ 'ਚ ਵਾਪਸੀ ਕਰਨਗੇ। ਉਹ ਸੋਨੀਆ ਗਾਂਧੀ, ਸ਼ਰਦ ਪਵਾਰ, ਲਾਲੂ ਪ੍ਰਸਾਦ ਅਤੇ ਐੱਮ.ਕੇ. ਸਟਾਲਿਨ ਅਤੇ ਹੋਰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਗਰੀਬਾਂ ਅਤੇ ਦੇਸ਼ ਦੇ ਵਿਕਾਸ ਬਾਰੇ ਸੋਚਦੇ ਹਨ ਜਦਕਿ ‘ਇੰਡੀਆ’ ਗਠਜੋੜ ਦੇ ਆਗੂ ਆਪਣੇ ਬੱਚਿਆਂ ਨੂੰ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਬਣਾਉਣ ਬਾਰੇ ਸੋਚਦੇ ਹਨ। 

ਮੀਟਿੰਗ ਵਿੱਚ ਮੋਦੀ-ਮੋਦੀ ਦੇ ਨਾਅਰਿਆਂ ਦਰਮਿਆਨ ਉਨ੍ਹਾਂ ਕਿਹਾ ਕਿ ਵੰਸ਼ਵਾਦੀ ਪਾਰਟੀਆਂ ਦੇ ਸਾਰੇ ‘ਰਾਜਕੁਮਾਰ’ ਮੋਦੀ ਖ਼ਿਲਾਫ਼ ਇਕੱਠੇ ਹੋ ਗਏ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਿਰਫ਼ ਇੱਕ ਤਾਕਤਵਰ ਪਰਿਵਾਰ ਦਾ ਵਿਅਕਤੀ ਹੀ ਇਸ ਉੱਚ ਅਹੁਦੇ ’ਤੇ ਕਾਬਜ਼ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪਰਿਵਾਰ ਦੁਆਰਾ ਚਲਾਉਣ ਵਾਲੀਆਂ ਪਾਰਟੀਆਂ ਹਨ ਅਤੇ ਦੂਜੇ ਪਾਸੇ ਗਰੀਬ ਮਾਂ ਦਾ ਪੁੱਤਰ ਹੈ। 

ਉਨ੍ਹਾਂ ਕਿਹਾ ਕਿ ਸਰਕਾਰ ਨੇ 60 ਕਰੋੜ ਗਰੀਬਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਕੰਮ ਕੀਤਾ ਹੈ ਜੋ ਪਹਿਲਾਂ ਵਿਕਾਸ ਪ੍ਰਕਿਰਿਆ ਤੋਂ ਅਲੱਗ-ਥਲੱਗ ਮਹਿਸੂਸ ਕਰਦੇ ਸਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਹਰ ਚੀਜ਼ ਦਾ ਵਿਰੋਧ ਕਰਦੀਆਂ ਹਨ, ਚਾਹੇ ਉਹ ਧਾਰਾ 370 ਨੂੰ ਰੱਦ ਕਰਨਾ ਹੋਵੇ, ਤਿੰਨ ਤਲਾਕ 'ਤੇ ਪਾਬੰਦੀ ਹੋਵੇ, ਸੋਧਿਆ ਹੋਇਆ ਨਾਗਰਿਕਤਾ ਕਾਨੂੰਨ ਹੋਵੇ ਜਾਂ ਨਵੀਂ ਸੰਸਦ ਭਵਨ ਦਾ ਨਿਰਮਾਣ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਤੁਸ਼ਟੀਕਰਨ ਦੀ ਰਾਜਨੀਤੀ ਕਰਕੇ ਰਾਮ ਮੰਦਰ ਦਾ ਸੱਦਾ ਠੁਕਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਵਿੱਚ ਪਰਿਵਾਰਵਾਦ ਦੀ ਰਾਜਨੀਤੀ ਹੁੰਦੀ ਤਾਂ ਚਾਹ ਵੇਚਣ ਵਾਲੇ ਦਾ ਪੁੱਤਰ ਦੇਸ਼ ਦਾ ਪ੍ਰਧਾਨ ਮੰਤਰੀ ਨਾ ਬਣਦਾ। 

ਸ਼ਾਹ ਨੇ ਕਿਹਾ ਕਿ ਮੋਦੀ ਜੀ ਦੇ 10 ਸਾਲਾਂ 'ਚ ਅੱਜ ਦੇਸ਼ ਵਿਕਸਿਤ ਭਾਰਤ ਦੇ ਸੁਪਨੇ ਨਾਲ ਅੱਗੇ ਵਧ ਰਿਹਾ ਹੈ। ਦੂਰ-ਦੂਰ ਤੱਕ ਹੰਕਾਰੀ ਗਠਜੋੜ ਨੂੰ ਸੱਤਾ ਹਾਸਲ ਕਰਨ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਇਸ ਕਾਰਨ ਅੱਜ ਉਹ ਹਰ ਗੱਲ ਦਾ ਵਿਰੋਧ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਅੱਜ ਤੁਹਾਡੇ ਸਾਰਿਆਂ ਦੇ ਜ਼ਰੀਏ ਮੈਂ ਭਾਜਪਾ ਦੇ ਕਰੋੜਾਂ ਵਰਕਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਗਲੀਆਂ ਚੋਣਾਂ 'ਚ ਦੋ ਕੈਂਪ ਆਹਮੋ-ਸਾਹਮਣੇ ਹਨ। ਇੱਕ ਪਾਸੇ ਮੋਦੀ ਜੀ ਦੀ ਅਗਵਾਈ ਵਿੱਚ ਐੱਨ.ਡੀ.ਏ. ਹੈ ਅਤੇ ਦੂਜੇ ਪਾਸੇ ਕਾਂਗਰਸ ਦੀ ਅਗਵਾਈ ਵਿੱਚ ਸਾਰੀਆਂ ਵੰਸ਼ਵਾਦੀ ਪਾਰਟੀਆਂ ਦਾ ਹੰਕਾਰੀ ਗਠਜੋੜ ਹੈ। ਇਹ ਹੰਕਾਰੀ ਗਠਜੋੜ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਨੂੰ ਪਾਲਦਾ ਹੈ ਅਤੇ ਭਾਜਪਾ ਤੇ ਐੱਨ.ਡੀ.ਏ. ਦਾ ਗਠਜੋੜ ਰਾਸ਼ਟਰ ਫਸਟ ਦੇ ਸਿਧਾਂਤ 'ਤੇ ਚੱਲਦਾ ਹੈ।


author

Rakesh

Content Editor

Related News