ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 1.99 ਲੱਖ ਦੇ ਕਰੀਬ ਪਹੁੰਚਿਆ, ਮ੍ਰਿਤਕਾਂ ਦੀ ਗਿਣਤੀ 5598 ਹੋਈ
Tuesday, Jun 02, 2020 - 09:50 AM (IST)
ਨਵੀਂ ਦਿੱਲੀ- ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦੇ 8 ਹਜ਼ਾਰ ਤੋਂ ਵਧ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 1.99 ਲੱਖ ਦੇ ਕਰੀਬ ਪਹੁੰਚ ਗਈ ਹੈ ਅਤੇ ਇਸ ਦੌਰਾਨ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 5598 ਹੋ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 8171 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦੀ ਗਿਣਤੀ ਵਧ ਕੇ 198706 ਹੋ ਗਈ। ਇਸ ਦੌਰਾਨ 204 ਲੋਕਾਂ ਦੀ ਮੌਤ ਤੋਂ ਬਾਅਦ ਕੁੱਲ ਮ੍ਰਿਤਕਾਂ ਦੀ ਗਿਣਤੀ 5598 ਹੋ ਗਈ। ਦੇਸ਼ 'ਚ ਹੁਣ ਤੱਕ ਕੁੱਲ 95527 ਲੋਕ ਇਨਫੈਕਸ਼ਨ ਮੁਕਤ ਵੀ ਹੋ ਚੁਕੇ ਹਨ ਅਤੇ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 97582 ਹੋ ਗਈ ਹੈ।
ਮਹਾਰਾਸ਼ਟਰ ਇਸ ਮਹਾਮਾਰੀ ਨਾਲ ਦੇਸ਼ 'ਚ ਸਭ ਤੋਂ ਵਧ ਪ੍ਰਭਾਵਿਤ ਹੋਇਆ ਹੈ। ਸੂਬੇ 'ਚ ਪਿਛਲੇ 24 ਘੰਟਿਆਂ 'ਚ 2358 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 76 ਲੋਕਾਂ ਦੀ ਮੌਤ ਹੋਈ ਹੈ, ਜਿਸ ਦੇ ਨਾਲ ਹੀ ਸੂਬੇ 'ਚ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 70013 ਅਤੇ ਇਸ ਜਾਨਲੇਵਾ ਵਿਸ਼ਾਣੂੰ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2362 ਹੋ ਗਈ ਹੈ। ਇਸ ਦੌਰਾਨ ਸੂਬੇ 'ਚ 779 ਲੋਕ ਰੋਗਮੁਕਤ ਹੋਏ ਹਨ, ਜਿਸ ਨਾਲ ਸਿਹਤਮੰਦ ਹੋਣ ਵਾਲਿਆਂ ਦੀ ਕੁੱਲ ਗਿਣਤੀ 30108 ਹੋ ਗਈ ਹੈ। ਉੱਥੇ ਹੀ ਤਾਮਿਲਨਾਡੂ ਦੂਜੇ ਨੰਬਰ 'ਤੇ ਹੈ, ਇੱਥੇ ਹੁਣ ਤੱਕ 23 ਹਜ਼ਾਰ ਤੋਂ ਵਧ ਮਾਮਲੇ ਸਾਹਮਣੇ ਆਏ ਹਨ, ਜਿਸ 'ਚ 184 ਲੋਕਾਂ ਦੀ ਮੌਤ ਹੋ ਚੁਕੀ ਹੈ। ਕੋਰੋਨਾ ਦੇ ਕੁਲ ਮਾਮਲਿਆਂ 'ਚ ਦਿੱਲੀ ਤੀਜੇ ਨੰਬਰ 'ਤੇ ਹੈ। ਹੁਣ ਤੱਕ ਇੱਥੇ 20 ਹਜ਼ਾਰ 834 ਮਾਮਲੇ ਸਾਹਮਣੇ ਆ ਚੁਕੇ ਹਨ, ਜਿਸ 'ਚ 523 ਲੋਕਾਂ ਦੀ ਮੌਤ ਹੋ ਚੁਕੀ ਹੈ, ਜਦੋਂ ਕਿ 8746 ਲੋਕ ਠੀਕ ਹੋ ਚੁਕੇ ਹਨ। ਉੱਥੇ ਹੀ ਗੁਜਰਾਤ 'ਚ ਕੁੱਲ ਮਰੀਜ਼ਾਂ ਦਾ ਅੰਕੜਾ 17 ਹਜ਼ਾਰ 200 ਹੋ ਗਿਆ ਹੈ, ਜਿਸ 'ਚ 1063 ਲੋਕਾਂ ਦੀ ਮੌਤ ਹੋ ਚੁਕੀ ਹੈ।