ਬੰਗਾਲ ’ਚ ਭ੍ਰਿਸ਼ਟਾਚਾਰ ਤੇ ਬਦਅਮਨੀ ਸਿਖਰਾਂ ’ਤੇ : ਅਨੁਰਾਗ ਠਾਕੁਰ
Saturday, Jan 13, 2024 - 08:17 PM (IST)
ਕੋਲਕਾਤਾ, (ਭਾਸ਼ਾ)- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਸਰਕਾਰ ਦੀ ਆਲੋਚਨਾ ਕਰਦੇ ਹੋਏ ਸੂਬੇ ਵਿਚ ਅਮਨ-ਕਾਨੂੰਨ ਦੀ ਵਿਗੜਦੀ ਹਾਲਤ, ਬਦਅਮਨੀ ਅਤੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਹੈ।
ਠਾਕੁਰ ਦੀ ਇਹ ਟਿੱਪਣੀ ਰਾਸ਼ਨ ਵੰਡ ਘਪਲੇ ਦੇ ਦੋਸ਼ੀ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ ਇੱਕ ਨੇਤਾ ਦੇ ਘਰ ਛਾਪੇਮਾਰੀ ਦੌਰਾਨ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਤਿੰਨ ਅਧਿਕਾਰੀਆਂ ’ਤੇ ਹਮਲੇ ਨਾਲ ਜੁੜੇ ਤਾਜ਼ਾ ਵਿਵਾਦ ਨੂੰ ਲੈ ਕੇ ਆਈ ਹੈ।
ਸ਼ਨੀਵਾਰ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ 'ਚ ਭ੍ਰਿਸ਼ਟਾਚਾਰ ਆਪਣੇ ਸਿਖਰ ’ਤੇ ਹੈ। ਜੇ ਭ੍ਰਿਸ਼ਟਾਚਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਤਾਂ ਈ. ਡੀ. ਦੀ ਟੀਮ ’ਤੇ ਹਮਲਾ ਕੀਤਾ ਜਾਂਦਾ ਹੈ, ਉਨ੍ਹਾਂ ’ਤੇ ਪਥਰਾਅ ਕੀਤਾ ਜਾਂਦਾ ਹੈ।
ਪੁਰੂਲੀਆ ਵਿੱਚ ਭੀੜ ਵਲੋਂ ਭਿਕਸ਼ੂਆਂ ’ਤੇ ਕਥਿਤ ਹਮਲੇ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿੱਚ ਸੱਤਾਧਾਰੀ ਟੀ. ਐੱਮ. ਸੀ. ਵਲੋਂ ਇੱਕ ਹਿੰਦੂ ਵਿਰੋਧੀ ਸੋਚ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਤੁਸ਼ਟੀਕਰਨ ਦੀ ਸਿਅਾਸਤ ਕਾਰਨ ਅਜਿਹੀ ਸਥਿਤੀ ਪੈਦਾ ਹੋਈ ਹੈ। ਰਾਮ ਮੰਦਰ ਦੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਤੋਂ ਪਹਿਲਾਂ ਪੱਛਮੀ ਬੰਗਾਲ ਵਿੱਚ ਕਰਫਿਊ ਵਰਗੇ ਹਾਲਾਤ ਬਣਾਏ ਜਦਾ ਰਹੇ ਹਨ ਤਾਂ ਜੋ ਹਿੰਦੂ ਖੁਸ਼ੀ ਦੇ ਪਲ ਵਿੱਚ ਉਸ ’ਚ ਹਿੱਸਾ ਲੈਣ ਦੇ ਯੋਗ ਨਾ ਹੋ ਸਕਣ। ਤੁਸ਼ਟੀਕਰਨ ਦੀ ਸਿਅਾਸਤ ਪੱਛਮੀ ਬੰਗਾਲ ਨੂੰ ਕਿੱਥੇ ਲੈ ਜਾ ਰਹੀ ਹੈ? ਇਥੇ ਹਿੰਦੂ ਵਿਰੋਧੀ ਸੋਚ ਦੀ ਪ੍ਰਕਿਰਿਆ ਕਿਉਂ ਬਣਾਈ ਜਾ ਰਹੀ ਹੈ?
ਅਨੁਰਾਗ ਠਾਕੁਰ ਪਹਿਲਾਂ ਭਾਜਪਾ ਸ਼ਾਸਿਤ ਸੂਬਿਆਂ ਵਲ ਧਿਆਨ ਦੇਣ : ਤ੍ਰਿਣਮੂਲ ਕਾਂਗਰਸ
ਤ੍ਰਿਣਮੂਲ ਕਾਂਗਰਸ ਨੇ ਕਿਹਾ ਹੈ ਕਿ ਅਨੁਰਾਗ ਠਾਕੁਰ ਨੂੰ ਪਹਿਲਾਂ ਭਾਜਪਾ ਸ਼ਾਸਿਤ ਸੂਬਿਆਂ ਦੀ ਵਿਗੜਦੀ" ਅਮਨ ਕਾਨੂੰਨ ਦੀ ਸਥਿਤੀ ਵਲ ਧਿਆਨ ਦੇਣਾ ਚਾਹੀਦਾ ਹੈ। ਤ੍ਰਿਣਮੂਲ ਦੇ ਮੰਤਰੀ ਸ਼ਸ਼ੀ ਪੰਜਾ ਨੇ ਕਿਹਾ ਕਿ ਭਾਜਪਾ ਭਿਕਸ਼ੂਆਂ ਨਾਲ ਸਬੰਧਤ ਘਟਨਾ ਨੂੰ ਫਿਰਕੂ ਰੰਗਤ ਦੇਣ ਲਈ ਗੰਦੀਆਂ ਚਾਲਾਂ ਚੱਲ ਰਹੀ ਹੈ। ਅਸੀਂ ਅਜਿਹੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦੇ ਹਾਂ।