ਅਵਾਰਾ ਪਸ਼ੂਆਂ ਤੇ ਕੁੱਤਿਆਂ ਵੱਢਣ ’ਤੇ 81 ਪੀੜਤਾਂ ਲਈ ਮੁਆਵਜ਼ੇ ਦੀ ਰਾਸ਼ੀ ਨੂੰ ਮਨਜ਼ੂਰੀ

Thursday, Dec 12, 2024 - 02:54 PM (IST)

ਚੰਡੀਗੜ੍ਹ (ਰਮੇਸ਼ ਹਾਂਡਾ) : ਅਵਾਰਾ ਪਸ਼ੂਆਂ ਜਾਂ ਕੁੱਤਿਆਂ ਦੇ ਵੱਢਣ ਕਾਰਨ ਜ਼ਖ਼ਮੀ ਹੋਏ 81 ਪੀੜਤਾਂ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਨਿਰਧਾਰਿਤ ਮੁਆਵਜ਼ੇ ਦੀ ਰਾਸ਼ੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਮੀਟਿੰਗ 'ਚ ਸੰਯੁਕਤ ਕਮਿਸ਼ਨਰ ਨਗਰ ਨਿਗਮ ਚੰਡੀਗੜ੍ਹ-ਕਮ-ਮੈਂਬਰ ਕਨਵੀਨਰ, ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਸੈਕਟਰ 16 ਦੇ ਮੈਡੀਕਲ ਸੁਪਰੀਡੈਂਟ, ਸਹਾਇਕ ਸੁਪਰੀਡੈਂਟ ਆਫ ਪੁਲਸ, ਇੰਸਪੈਕਟਰ ਟ੍ਰੈਫਿਕ, ਨੋਡਲ ਅਫ਼ਸਰ ਅਤੇ ਨਗਰ ਨਿਗਮ ਦੇ ਡੌਗ ਕੰਟਰੋਲ ਸੈੱਲ ਦੇ ਨੁਮਾਇੰਦੇ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਸਬ-ਕਮੇਟੀ ਨੇ 116 ਕੇਸਾਂ 'ਤੇ ਵਿਚਾਰ ਕੀਤਾ, ਜਿਨ੍ਹਾਂ ਵਿਚੋਂ 81 ਕੇਸ 7 ਫਰਵਰੀ, 2024 ਦੀ ਨੋਟੀਫਿਕੇਸ਼ਨ ਅਨੁਸਾਰ ਮੁਆਵਜ਼ੇ ਲਈ ਆਏ ਸੀ।

ਬਾਕੀ ਕੇਸਾਂ ਨੂੰ ਪੜਤਾਲ ਅਧੀਨ ਰੱਖਿਆ ਗਿਆ ਹੈ ਅਤੇ ਪੜਤਾਲ ਉਪਰੰਤ ਸਬ-ਕਮੇਟੀ ਅੱਗੇ ਰੱਖਿਆ ਜਾਵੇਗਾ। ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਸਬ-ਕਮੇਟੀ ਦੇ ਸਮੂਹ ਮੈਂਬਰਾਂ ਨੂੰ ਨਿਰਦੇਸ਼ ਦਿੱਤਾ ਕਿ ਜੇਕਰ ਉਨ੍ਹਾਂ ਦੇ ਦਫ਼ਤਰਾਂ 'ਚ ਮੁਆਵਜ਼ੇ ਲਈ ਕੋਈ ਕੇਸ ਆਉਂਦਾ ਹੈ ਤਾਂ ਉਸ ਨੂੰ ਡਿਪਟੀ ਕਮਿਸ਼ਨਰ ਜਾਂ ਨਗਰ ਨਿਗਮ ਚੰਡੀਗੜ੍ਹ ਨੂੰ ਭੇਜਿਆ ਜਾ ਸਕਦਾ ਹੈ ਤਾਂ ਜੋ ਇਸ ਵੀ ਅਜਿਹੇ ਕੇਸਾਂ ਦੀ ਸੂਚੀਵਿਚ ਸ਼ਾਮਲ ਕੀਤਾ ਜਾ ਸਕੇ ਅਤੇ ਫ਼ੈਸਲੇ ਲਈ ਕਮੇਟੀ ਦੇ ਸਾਹਮਣੇ ਰੱਖਿਆ ਜਾ ਸਕੇ। ਸਬ-ਕਮੇਟੀ ਦਾ ਗਠਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਕੀਤਾ ਗਿਆ ਸੀ, ਜਿਸ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾ ਚੁੱਕਾ ਹੈ। ਨੋਟੀਫਿਕੇਸ਼ਨ ਅਨੁਸਾਰ ਮੌਤ ਦੇ ਮਾਮਲੇ 'ਚ ਮ੍ਰਿਤਕ ਵਿਅਕਤੀ ਦੇ ਕਾਨੂੰਨੀ ਵਾਰਸਾਂ ਨੂੰ ਮੁਆਵਜ਼ੇ ਦੀ ਰਕਮ 5 ਲੱਖ ਰੁਪਏ ਹੈ।

ਸਥਾਈ ਅਪੰਗਤਾ ਦੇ ਮਾਮਲੇ ਵਿਚ, ਮੁਆਵਜ਼ੇ ਦੀ ਰਕਮ 2 ਲੱਖ ਰੁਪਏ ਨਿਰਧਾਰਿਤ ਹੈ। ਕਮੇਟੀ ਕੁੱਤਿਆਂ ਦੇ ਵੱਢਣ ਨਾਲ ਸਬੰਧ ਕੇਸਾਂ ਵਿਚ ਮੁਆਵਜ਼ੇ ਦਾ ਮੁਲਾਂਕਣ ਕਰਦੇ ਸਮੇਂ ਇਸ ਤੱਥ ਨੂੰ ਵੀ ਧਿਆਨ ਵਿਚ ਰੱਖੇਗੀ ਕਿ ਘੱਟੋ ਘੱਟ 10,000 ਰੁਪਏ ਪ੍ਰਤੀ ਦੰਦ ਦੇ ਨਿਸ਼ਾਨ 'ਤੇ ਅਤੇ ਜਿੱਥੇ ਚਮੜੀ ਤੋਂ ਮਾਸ ਕੱਢਿਆ ਗਿਆ ਹੈ, ਘੱਟੋ-ਘੱਟ 20,000 ਰੁਪਏ ਪ੍ਰਤੀ 0.2 ਸੈ.ਮੀ. ਜ਼ਖ਼ਮ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਮੌਤ ਦੇ ਮਾਮਲੇ ਵਿਚ ਸਕੀਮਾਂ ਅਨੁਸਾਰ, ਮੌਤ ਸਰਟੀਫਿਕੇਟ ਦੀ ਕਾਪੀ ਅਤੇ ਐੱਫ. ਆਈ.ਆਰ./ਡੀ. ਡੀ.ਆਰ. ਦੀ ਲੋੜ ਹੁੰਦੀ ਹੈ ਜੋ ਅਵਾਰਾ ਪਸ਼ੂਆਂ/ਕੁੱਤਿਆਂ ਦੇ ਕੱਟਣ ਕਾਰਨ ਹੋਈ ਦੁਰਘਟਨਾ ਦੇ ਕਾਰਨ ਮੌਤ ਸੰਕੇਤ ਦਿੰਦੀ ਹੈ। ਇਸ ਤੋਂ ਇਲਾਵਾ ਸਥਾਈ ਅਪੰਗਤਾ ਦੇ ਮਾਮਲੇ ਵਿਚ ਡੀ. ਡੀ. ਆਰ, ਮੈਡੀਕਲ ਸਰਟੀਫਿਕੇਟ, ਹਸਪਤਾਲ ਤੋਂ ਛੁੱਟੀ ਦੀ ਸਮਰੀ ਆਦਿ ਦੀ ਕਾਪੀ ਲੋੜੀਦੀਂ ਹੈ।


Babita

Content Editor

Related News