ਕੋਰੋਨਾ ਵਾਇਰਸ : ਜਾਣੋ ਕੀ ਹੈ ''ਕੁਆਰੰਟਾਈਨ'' ਸ਼ਬਦ, ਕਿਵੇਂ ਬਣਿਆ ਅਤੇ ਕਿਉਂ ਪਈ ਜ਼ਰੂਰਤ

03/30/2020 6:18:18 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ 'ਚ ਇਸ ਸਮੇਂ ਹਾਹਾਕਾਰ ਮਚੀ ਹੋਈ ਹੈ। ਕਈ ਦੇਸ਼ ਇਸ ਸਮੇਂ ਲਾਕ ਡਾਊਨ ਹਨ ਅਤੇ ਲੋਕ ਘਰਾਂ 'ਚ ਰਹਿਣ ਨੂੰ ਮਜਬੂਰ ਹਨ। ਦਰਅਸਲ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਕ ਡਾਊਨ ਹੀ ਇਕ ਜ਼ਰੂਰੀ ਉਪਾਅ ਹੈ। ਇਸ ਵਾਇਰਸ ਦੇ ਫੈਲਣ ਦੇ ਨਾਲ-ਨਾਲ ਇਕ ਸ਼ਬਦ ਹੈ, ਜੋ ਕਿ ਹਰ ਕਿਸੇ ਦੀ ਜ਼ੁਬਾਨ 'ਤੇ ਚੜ੍ਹ ਗਿਆ ਹੈ। ਇਹ ਸ਼ਬਦ ਹੈ 'ਕੁਆਰੰਟਾਈਨ' (quarantine)। ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੂੰ ਇਸ ਦਾ ਅਰਥ ਸ਼ਾਇਦ ਨਾ ਪਤਾ ਹੋਵੇ। ਦੁਨੀਆ ਦੇ ਕਰੋੜਾਂ ਲੋਕਾਂ ਲਈ ਇਹ ਸ਼ਬਦ ਨਵਾਂ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ—

ਕੁਆਰੰਟਾਈਨ ਕੀ ਹੈ?
ਇਸ ਸ਼ਬਦ ਦਾ ਅਸੀਂ ਤੁਹਾਨੂੰ ਅਰਥ ਸਮਝਾ ਦਿੰਦੇ ਹਾਂ। ਕੁਆਰੰਟਾਈਨ ਦਰਅਸਲ ਉਨ੍ਹਾਂ ਲੋਕਾਂ 'ਤੇ ਲਾਈ ਗਈ ਉਸ ਪਾਬੰਦੀ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਤੋਂ ਕਿਸੇ ਬੀਮਾਰੀ ਦੇ ਫੈਲਣ ਦਾ ਖਤਰਾ ਹੁੰਦਾ ਹੈ। ਅਜਿਹੇ 'ਚ ਬੀਮਾਰ ਲੋਕਾਂ ਨੂੰ ਇਕ ਥਾਂ 'ਤੇ ਬੰਦ ਕਰ ਦਿੱਤਾ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਕਿਸੇ ਦੂਜੇ ਵਿਅਕਤੀ ਨਾਲ ਮਿਲਣ-ਜੁਲਣ, ਬਾਹਰ ਨਿਕਲਣ ਤਕ ਦੀ ਇਜਾਜ਼ਤ ਤਕ ਨਹੀਂ ਹੁੰਦੀ। ਇਹ ਪਾਬੰਦੀ ਉਨ੍ਹਾਂ ਬੀਮਾਰੀਆਂ ਨਾਲ ਪੀੜਤ ਮਰੀਜ਼ਾਂ 'ਤੇ ਲਾਈ ਜਾਂਦੀ ਹੈ, ਜੋ ਕਿ ਕਮਿਊਨਿਕੇਬਲ ਡਿਜੀਜ, ਜਿਸ ਨੂੰ 'ਸੰਚਾਰੀ ਰੋਗ' ਵੀ ਕਹਿੰਦੇ ਹਨ। ਇਸ ਦਾ ਅਰਥ ਹੁੰਦਾ ਹੈ ਕਿ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਹੋਣ ਵਾਲੀ ਬੀਮਾਰੀ। ਅਜਿਹੇ ਲੋਕਾਂ ਨੂੰ ਆਮ ਲੋਕਾਂ ਵਾਂਗ ਬਾਹਰ ਖੁੱਲ੍ਹਾ ਘੁੰਮਣ ਦੀ ਮਨਾਹੀ ਹੈ, ਕਿਉਂਕਿ ਇਹ ਹਜ਼ਾਰਾਂ ਲੋਕਾਂ ਤਕ ਉਸ ਬੀਮਾਰੀ ਦਾ ਪ੍ਰਸਾਰ ਕਰ ਸਕਦੇ ਹਨ। ਅਜਿਹੇ ਵਿਚ ਕੁਆਰੰਟਾਈਨ ਸਾਵਧਾਨੀ ਦੇ ਤੌਰ 'ਤੇ ਕਿਸੇ ਮਰੀਜ਼ 'ਤੇ ਲਾਈ ਗਈ ਪਾਬੰਦੀ ਵੀ ਹੈ। ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਫੈਲਿਆ ਹੋਇਆ ਹੈ, ਜਿਸ ਲਈ ਪੀੜਤ ਲੋਕਾਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈ।

ਕਿੱਥੋਂ ਆਇਆ ਕੁਆਰੰਟਾਈਨ ਸ਼ਬਦ—
ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖਰਕਾਰ ਇਹ ਸ਼ਬਦ ਕਿੱਥੋਂ ਆਇਆ ਅਤੇ ਇਸ ਦਾ ਪਹਿਲੀ ਵਾਰ ਕਦੋਂ ਇਸਤੇਮਾਲ ਹੋਇਆ ਸੀ ਅਤੇ ਇਸ ਦੀ ਲੋੜ ਕਿਉਂ ਪਈ? ਇਸ ਦਾ ਜਵਾਬ ਵੀ ਸਾਡੇ ਕੋਲ ਹੈ। ਕੁਆਰੰਟਾਈਨ ਸ਼ਬਦ ਦਰਅਸਲ ਕੁਆਰੰਟੇਨ ਤੋਂ ਆਇਆ ਹੈ, ਜੋ ਵੇਨੇਸ਼ੀਅਨ ਭਾਸ਼ਾ ਦਾ ਸ਼ਬਦ ਹੈ। ਇਸ ਦਾ ਅਰਥ '40 ਦਿਨ' ਹੁੰਦਾ ਹੈ। ਦਰਅਸਲ 14ਵੀਂ ਸਦੀ ਦੌਰਾਨ ਪਲੇਗ ਜਿਹੀ ਮਹਾਮਾਰੀ ਨਾਲ ਯੂਰਪ ਦੀ 30 ਫੀਸਦੀ ਆਬਾਦੀ ਮੌਤ ਦੇ ਮੂੰਹ 'ਚ ਚੱਲੀ ਗਈ ਸੀ। ਜਿਸ ਤੋਂ ਬਾਅਦ ਇੱਥੇ ਆਉਣ ਵਾਲੇ ਜਹਾਜ਼ਾਂ ਅਤੇ ਉਨ੍ਹਾਂ 'ਚ ਮੌਜੂਦ ਲੋਕਾਂ ਨੂੰ ਇਕ ਟਾਪੂ 'ਤੇ 30 ਦਿਨਾਂ ਤਕ ਵੱਖਰਾ ਰਹਿਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ। ਇਸ ਦੌਰਾਨ ਧਿਆਨ ਦਿੱਤਾ ਜਾਂਦਾ ਸੀ ਕਿ ਕਿਸੇ ਵਿਅਕਤੀ 'ਚ ਪਲੇਗ ਦੇ ਲੱਛਣ ਤਾਂ ਨਹੀਂ। ਬਾਅਦ 'ਚ ਕੁਆਰੰਟਾਈਨ ਦੇ ਸਮੇਂ ਨੂੰ ਵਧਾ ਕੇ 40 ਦਿਨ ਕਰ ਦਿੱਤਾ ਗਿਆ ਸੀ। ਜਦੋਂ ਤਕ ਇਹ 30 ਦਿਨ ਦਾ ਸੀ ਤਾਂ ਉਸ ਨੂੰ 'ਟ੍ਰੇਨਟਾਈਨ' ਕਿਹਾ ਜਾਂਦਾ ਸੀ, ਜਦੋਂ ਇਹ 40 ਦਿਨਾਂ ਦਾ ਹੋਇਆ ਤਾਂ ਇਸ ਨੂੰ 'ਕੁਆਰੰਟਾਈਨ' ਕਿਹਾ ਜਾਣ ਲੱਗਾ। ਇੱਥੋਂ ਹੀ ਇਹ ਸ਼ਬਦ ਬਣਿਆ ਹੈ। ਕਰੀਬ 40 ਦਿਨਾਂ ਦੇ ਕੁਆਰੰਟਾਈਨ ਦਾ ਅਸਰ ਉਸ ਸਮੇਂ ਸਾਫ ਦਿਖਾਈ ਦਿੱਤਾ ਸੀ ਅਤੇ ਇਸ ਨਾਲ ਪਲੇਗ ਜਿਹੀ ਮਹਾਮਾਰੀ 'ਤੇ ਕਾਫੀ ਹੱਦ ਤਕ ਕਾਬੂ ਪਾ ਲਿਆ ਗਿਆ ਸੀ।


Tanu

Content Editor

Related News