ਕੋਰੋਨਾ : ਰੇਲਵੇ ਬੋਰਡ ਦਾ ਵੱਡਾ ਫੈਸਲਾ, 31 ਮਾਰਚ ਤਕ ਟਰੇਨਾਂ ਬੰਦ

Sunday, Mar 22, 2020 - 02:03 PM (IST)

ਕੋਰੋਨਾ : ਰੇਲਵੇ ਬੋਰਡ ਦਾ ਵੱਡਾ ਫੈਸਲਾ, 31 ਮਾਰਚ ਤਕ ਟਰੇਨਾਂ ਬੰਦ

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦਿਆਂ ਭਾਰਤੀ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਰੇਲਵੇ ਨੇ 31 ਮਾਰਚ ਤਕ ਸਾਰੀਆਂ ਟਰੇਨਾਂ ਦਾ ਪਰਿਚਾਲਨ ਬੰਦ ਕਰਨ ਦਾ ਫੈਸਲਾ ਕੀਤਾ ਹੈ। ਰੇਲਵੇ ਬੋਰਡ ਦੀ ਬੈਠਕ 'ਚ ਇਹ ਵੱਡਾ ਫੈਸਲਾ ਲਿਆ ਗਿਆ ਹੈ। ਰੇਲਵੇ ਬੋਰਡ ਨੇ ਸਾਰੇ ਜ਼ੋਨਲ ਜਨਰਲ ਮੈਨੇਜਰਾਂ ਨੂੰ ਸੂਚਿਤ ਕੀਤਾ ਹੈ ਕਿ ਕੋਰੋਨਾ ਕਾਰਨ 31 ਮਾਰਚ ਰਾਤ 12 ਵਜੇ ਤਕ ਸਾਰੀਆਂ ਯਾਤਰੀ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਨ੍ਹਾਂ 'ਚ ਸ਼ਤਾਬਦੀ, ਰਾਜਧਾਨੀ, ਦੂਰੰਤੋ, ਗਤੀਮਾਨ, ਵੰਦੇਭਾਰਤ, ਤੇਜਸ ਸਮੇਤ ਸਾਰੀਆਂ ਪ੍ਰੀਮੀਅਰ, ਮੇਲ/ਐਕਸਪ੍ਰੈੱਸ, ਸੁਪਰਫਾਸਟ, ਪੈਸੇਂਜਰ ਟਰੇਨਾਂ ਦੀਆਂ ਸੇਵਾਵਾਂ ਸ਼ਾਮਲ ਹਨ। ਦੇਸ਼ ਭਰ 'ਚ ਜ਼ਰੂਰੀ ਸਾਮਾਨ ਲਈ ਸਿਰਫ ਮਾਲਗੱਡੀਆਂ ਹੀ ਚੱਲਣਗੀਆਂ। ਰੇਲਵੇ ਨੇ ਦੱਸਿਆ ਕਿ ਯਾਤਰੀ 21 ਜੂਨ ਤੱਕ ਬੁਕਿੰਗ ਦੇ ਪੈਸੇ ਵਾਪਸ ਲੈ ਸਕਦੇ ਹਨ। 

ਰੇਲਵੇ ਵਲੋਂ ਜਾਰੀ ਸੂਚਨਾ 'ਚ ਦੱਸਿਆ ਗਿਆ ਹੈ ਕਿ ਰੱਦ ਟਰੇਨਾਂ ਦੀ ਸੂਚੀ 'ਚ ਕੋਲਕਾਤਾ, ਮੈਟਰੋ, ਕੋਂਕਣ ਰੇਲਵੇ, ਉੱਪਨਗਰੀ ਟਰੇਨਾਂ ਨਹੀਂ ਚੱਲਣਗੀਆਂ। ਹਾਲਾਂਕਿ ਅੱਜ ਰਾਤ 12 ਵਜੇ ਤਕ ਮੁੰਬਈ ਉੱਪਨਗਰੀ ਟਰੇਨਾਂ, ਕੋਲਕਾਤਾ ਮੈਟਰੋ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ। ਜੋ ਟਰੇਨਾਂ 22 ਮਾਰਚ ਨੂੰ ਸਵੇਰੇ 4 ਵਜੇ ਤੋਂ ਪਹਿਲਾਂ ਰਵਾਨਾ ਹੋਈਆਂ ਹਨ, ਉਹ ਮੰਜ਼ਲ ਤਕ ਪਹੁੰਚ ਜਾਣਗੀਆਂ। ਦੱਸ ਦੇਈਏ ਕਿ ਕੁਝ ਟਰੇਨ ਯਾਤਰੀਆਂ 'ਚ ਕੋਰੋਨਾ ਵਾਇਰਸ ਪਾਏ ਜਾਣ ਤੋਂ ਬਾਅਦ ਟਰੇਨ 'ਚ ਸਫਰ ਕਰਨਾ ਜ਼ੋਖਮ ਭਰਿਆ ਹੋ ਗਿਆ ਹੈ। ਇਸ ਨੂੰ ਲੈ ਕੇ ਰੇਲਵੇ ਪ੍ਰਸ਼ਾਸਨ ਵੀ ਅਲਰਟ ਹੋ ਗਿਆ ਹੈ। ਰੇਲਵੇ ਬੋਰਡ ਨੇ ਲੋਕਾਂ ਨੂੰ ਟਰੇਨ 'ਚ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। 

ਇੱਥੇ ਦੱਸ ਦੇਈਏ ਕਿ ਦੇਸ਼ ਭਰ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 345 ਤਕ ਪਹੁੰਚ ਗਈ ਹੈ ਅਤੇ ਹੁਣ ਤਕ 6 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੇਸ਼ ਕੋਰੋਨਾ ਨਾਲ ਲੜ ਰਿਹਾ ਹੈ ਅਤੇ ਇਸ ਲੜਾਈ ਦੇ ਅਹਿਮ ਹਥਿਆਰ ਵਾਂਗ ਹੈ ਜਨਤਾ ਕਰਫਿਊ। ਮਤਲਬ ਜਨਤਾ ਖੁਦ ਸੜਕਾਂ 'ਤੇ ਨਾ ਨਿਕਲੇ। ਇਸ 'ਚ ਤਮਾਮ ਸੇਵਾਵਾਂ ਮੁਲਤਵੀ ਹਨ ਪਰ ਜ਼ਰੂਰੀ ਸੇਵਾਵਾਂ ਜਾਰੀ ਹਨ।


author

Tanu

Content Editor

Related News