ਕੋਰੋਨਾ ਨੂੰ ਹਰਾਉਣ ਲਈ ਲਾਕ ਡਾਊਨ ਜ਼ਰੂਰੀ, ਲੋਕ ਕਰਨ ਪਾਲਣ : ਕੇਜਰੀਵਾਲ
Monday, Mar 23, 2020 - 06:08 PM (IST)
ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਲਾਕ ਡਾਊਨ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਇਹ ਗੱਲ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਆਖੀ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਜਿਹੀ ਮਹਾਮਾਰੀ ਨੂੰ ਹਰਾਉਣ ਹੈ ਤਾਂ ਇਸ ਦਾ ਪਾਲਣ ਬੇਹੱਦ ਜ਼ਰੂਰੀ ਹੈ। ਜੇਕਰ ਮੰਗਲਵਾਰ ਤੋਂ ਜਨਤਾ ਇਸ ਦਾ ਪਾਲਣ ਨਹੀਂ ਕਰੇਗੀ ਤਾਂ ਅਸੀਂ ਲਗਾਮ ਕੱਸਾਂਗੇ। ਸਰਕਾਰ ਨੂੰ ਸਖਤ ਕਦਮ ਚੁੱਕਣਗੇ ਪੈਣਗੇ। ਦੱਸ ਦੇਈਏ ਕਿ ਦਿੱਲੀ 'ਚ ਕੋਰੋਨਾ ਦੇ ਖਤਰੇ ਨੂੰ ਦੇਖਦਿਆਂ ਲਾਕ ਡਾਊਨ ਅੱਜ ਸਵੇਰੇ 6 ਵਜੇ ਤੋਂ ਲਾਗੂ ਕਰ ਦਿੱਤਾ ਗਿਆ ਹੈ, ਜੋ ਕਿ 31 ਮਾਰਚ ਤਕ ਜਾਰੀ ਰਹੇਗਾ।
ਕੇਜਰੀਵਾਲ ਨੇ ਕਿਹਾ ਕਿ ਮੈਂ ਲੋਕਾਂ ਨੂੰ ਘਰ 'ਚ ਹੀ ਰਹਿਣ ਦੀ ਬੇਨਤੀ ਕਰਦਾ ਹਾਂ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਮੈਨੂੰ ਸੂਚਿਤ ਕੀਤਾ ਗਿਆ ਹੈ ਕਿ ਡੀ. ਟੀ. ਸੀ. ਬੱਸਾਂ ਦੀ ਗਿਣਤੀ ਘੱਟ ਹੋਣ ਕਾਰਨ ਹਸਪਤਾਲਾਂ, ਦਿੱਲੀ ਜਲ ਬੋਰਡ, ਬਿਜਲੀ ਬੋਰਡ ਅਤੇ ਹੋਰ ਜ਼ਰੂਰੀ ਸੇਵਾਵਾਂ ਵਿਭਾਗ ਦੇ ਕਈ ਕਰਮਚਾਰੀਆਂ ਨੂੰ ਦਫਤਰ ਤਕ ਪਹੁੰਚਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੱਲ ਤੋਂ ਡੀ. ਟੀ. ਸੀ. ਦੇ ਬੇੜੇ ਦਾ 50 ਫੀਸਦੀ ਹਿੱਸਾ ਚਾਲੂ ਰਹੇਗਾ। ਉਨ੍ਹਾਂ ਕਿਹਾ ਕਿ ਗਰੀਬਾਂ ਲਈ ਸਰਕਾਰ ਕਦਮ ਚੁੱਕੇਗੀ। 8 ਲੱਖ ਬਜ਼ੁਰਗਾਂ ਦੇ ਖਾਤੇ 'ਚ 5,000 ਰੁਪਏ ਪੈਨਸ਼ਨ ਦੇਵੇਗੀ। ਇਸ ਤੋਂ ਇਲਾਵਾ 72 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਅਨਾਜ ਦਿੱਤਾ ਜਾਵੇਗਾ। ਨਾਲ ਹੀ ਹਰ ਵਿਅਕਤੀ ਨੂੰ 7.5 ਕਿਲੋ ਰਾਸ਼ਨ ਦਿੱਤਾ ਜਾਵੇਗਾ।