ਮੌਲਾਨਾ ਸਾਦ ਦੇ 2 ਰਿਸ਼ਤੇਦਾਰ ਨਿਕਲੇ ਕੋਰੋਨਾ ਪਾਜ਼ੀਟਿਵ, ਸੀਲ ਕੀਤਾ ਗਿਆ ਇਲਾਕਾ
Thursday, Apr 16, 2020 - 11:17 AM (IST)
ਸਹਾਰਨਪੁਰ- ਕੋਰੋਨਾ ਵਾਇਰਸ ਦੇ ਮਾਮਲੇ ਪਿਛਲੇ ਕੁਝ ਦਿਨਾਂ 'ਚ ਭਾਰਤ 'ਚ ਅਚਾਨਕ ਵਧ ਗਏ ਹਨ। ਦਿੱਲੀ ਦੇ ਨਿਜਾਮੁਦੀਨ ਇਲਾਕੇ 'ਚ ਤਬਲੀਗੀ ਜਮਾਤ ਨਾਲ ਜੁੜੇ ਸੈਂਕੜੇ ਕੇਸ ਆਉਣ ਤੋਂ ਬਾਅਦ ਦੇਸ਼ 'ਚ ਅਚਾਨਕ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 'ਚ ਉਛਾਲ ਆਇਆ ਸੀ। ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਤਬਲੀਗੀ ਜਮਾਤ ਦੇ ਪ੍ਰਮੁੱਖ ਮੌਲਾਨਾ ਸਾਦ ਦੇ 2 ਰਿਸ਼ਤੇਦਾਰ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਹਨ, ਉਨਾਂ ਦਾ ਟੈਸਟ ਪਾਜ਼ੀਟਿਵ ਨਿਕਲਿਆ ਹੈ। ਸਹਾਰਨਪੁਰ ਦੇ ਡੀ.ਐੱਮ. ਅਖਿਲੇਸ਼ ਸਿੰਘ ਅਨੁਸਾਰ, ਮੌਲਾਨਾ ਸਾਦ ਦੇ 2 ਰਿਸ਼ਤੇਦਾਰ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਬਾਅਦ ਮੰਡੀ ਇਲਾਕੇ ਦੇ ਮੁਫ਼ਤੀ ਏਰੀਆ ਨੂੰ ਪੂਰੀ ਤਰਾਂ ਨਾਲ ਸੀਲ ਕਰ ਦਿੱਤਾ ਗਿਆ ਹੈ ਤਾਂਕਿ ਇਹ ਖਤਰਾ ਨਾ ਵਧ ਸਕੇ।
ਡੀ.ਐੱਮ. ਅਨੁਸਾਰ ਉਸ ਇਲਾਕੇ ਦੇ 8 ਹੋਰ ਲੋਕਾਂ ਨੂੰ ਕੁਆਰੰਟੀਨ 'ਚ ਰੱਖਿਆ ਗਿਆ ਹੈ। ਮੌਲਾਨਾ ਸਾਦ ਦੇ ਜੋ 2 ਰਿਸ਼ਤੇਦਾਰ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ, ਉਨਾਂ ਨੇ ਵੀ ਦਿੱਲੀ ਦੇ ਨਿਜਾਮੁਦੀਨ ਇਲਾਕੇ 'ਚ ਮਰਕਜ਼ ਪ੍ਰੋਗਰਾਮ 'ਚ ਹਿੱਸਾ ਲਿਆ ਸੀ। ਉਹ ਕੁਝ ਦਿਨ ਪਹਿਲਾਂ ਹੀ ਸਾਊਥ ਅਫਰੀਕਾ ਤੋਂ ਵਾਪਸ ਆਏ ਸਨ ਅਤੇ ਕੁਆਰੰਟੀਨ ਦੇ ਅਧੀਨ ਰੱਖੇ ਗਏ ਸਨ। ਹੁਣ ਪ੍ਰਸ਼ਾਸਨ ਵਲੋਂ ਉਨਾਂ ਲੋਕਾਂ ਦੀ ਤਲਾਸ਼ ਕੀਤੀ ਜਦਾ ਰਹੀ ਹੈ, ਜੋ ਵੀ ਇਨਾਂ ਦੋਹਾਂ ਦੇ ਸੰਪਰਕ 'ਚ ਆਏ ਸਨ।
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਸਿਹਤ ਮੰਤਰਾਲੇ ਅਨੁਸਾਰ, 15 ਅਪ੍ਰੈਲ ਦੀ ਸ਼ਾਮ ਤੱਕ ਪ੍ਰਦੇਸ਼ 'ਚ 727 ਕੋਰੋਨਾ ਵਾਇਰਸ ਦੇ ਕੁਲ ਕੇਸ ਸਾਹਮਣੇ ਆ ਚੁਕੇ ਹਨ। ਇਨਾਂ 'ਚ ਕਰੀਬ 428 ਕੇਸਾਂ ਦਾ ਤਾਲੁਕ ਸਿੱਧੇ ਤੌਰ 'ਤੇ ਦਿੱਲੀ ਦੇ ਤਬਲੀਗੀ ਜਮਾਤ ਦੇ ਮਰਕਜ਼ ਵਾਲੇ ਇਵੈਂਟ ਤੋਂ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਹੀ ਦਿੱਲੀ ਪੁਲਸ ਨੇ ਜਮਾਤ ਦੇ ਅਮੀਰ ਮੌਲਾਨਾ ਮੁਹੰਮਦ ਸਾਦ ਸਮੇਤ ਕਈ ਲੋਕਾਂ 'ਤੇ ਗੈਰ-ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਹੈ।