ਕੋਰੋਨਾ ਦੇ ਨਵੇਂ ਰੂਪਾਂ ਨੇ ਭਾਰਤ ’ਚ ਵੰਡਿਆ ਆਪਣਾ-ਆਪਣਾ ਇਲਾਕਾ, ਸਭ ਤੋਂ ਭਿਆਨਕ ਹੈ ਇਹ 'ਵੇਰੀਐਂਟ'
Friday, May 07, 2021 - 01:23 PM (IST)
ਨਵੀਂ ਦਿੱਲੀ- ਉੱਤਰ ਭਾਰਤ ’ਚ ਇਸ ਸਮੇਂ ਸਭ ਤੋਂ ਜ਼ਿਆਦਾ ਲੋਕ ਵਾਇਰਸ ਦੇ ਬ੍ਰਿਟਿਸ਼ ਰੂਪ ਤੋਂ ਪੀੜਤ ਹਨ, ਜਦੋਂ ਕਿ ਮਹਾਰਾਸ਼ਟਰ, ਗੁਜਰਾਤ ਅਤੇ ਕਰਨਾਟਕ ਸਮੇਤ ਪੱਛਮੀ ਭਾਰਤ ’ਚ ਵਾਇਰਸ ਦੀ ਡਬਲ ਮਿਊਟੈਂਟ ਕਿਸਮ (ਵਾਇਰਸ ਦੇ ਜੀਨ ’ਚ ਦੋਹਰਾ ਬਦਲਾਅ) ਕਹਿਰ ਵਰ੍ਹਾ ਰਹੀ ਹੈ।
ਇਹ ਜਾਣਕਾਰੀ ਰਾਸ਼ਟਰੀ ਰੋਗ ਕੰਟਰੋਲ ਕੇਂਦਰ (ਐੱਨ. ਸੀ. ਡੀ. ਸੀ.) ਦੇ ਨਿਰਦੇਸ਼ਕ ਸੁਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 10 ਚੋਟੀ ਦੀਆਂ ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ ਸੰਸਥਾਨ ਪਿਛਲੇ ਸਾਲ ਦਸੰਬਰ ਤੋਂ ਹੀ ਕੋਰੋਨਾ ਵਾਇਰਸ ਦੀ ਜੀਨੋਮ ਸੀਕੁਐਂਸਿੰਗ ਕਰ ਰਹੇ ਹਨ। ਹੁਣ ਤੱਕ 18,053 ਨਮੂਨਿਆਂ ਦੀ ਜੀਨੋਮ ਸੀਕੁਐਂਸਿੰਗ ਕੀਤੀ ਗਈ ਹੈ। ਜੀਨੋਮ ਸੀਕੁਐਂਸਿੰਗ ਨਾਲ ਜੁੜੇ ਅੰਕੜੇ ਸੂਬਿਆਂ ਤੋਂ ਫਰਵਰੀ ’ਚ 2 ਵਾਰ ਅਤੇ ਮਾਰਚ-ਅਪ੍ਰੈਲ ’ਚ 4-4 ਵਾਰ ਸਾਂਝੇ ਕੀਤੇ ਗਏ। ਵਾਇਰਸ ਦੇ ਵੱਖ-ਵੱਖ ਰੂਪਾਂ ਦੇ ਵੱਖ-ਵੱਖ ਇਲਾਕਿਆਂ ’ਚ ਜ਼ਿਆਦਾ ਪ੍ਰਭਾਵੀ ਹੋਣ ਦੀ ਗੱਲ ਸਾਹਮਣੇ ਆਈ।
ਬ੍ਰਿਟਿਸ਼ ਰੂਪ ਉਰਫ ਬੀ-1.1.7
ਸਾਰਸ ਕੋਵ-2 ਵਾਇਰਸ ਦਾ ਬੀ-1.1.7 ਰੂਪ (ਬ੍ਰਿਟਿਸ਼ ਰੂਪ) ਪੰਜਾਬ (482 ਨਮੂਨੇ) ਅਤੇ ਦਿੱਲੀ (516 ਨਮੂਨੇ) ਸਮੇਤ ਉੱਤਰ ਭਾਰਤ ’ਚ ਲੋਕਾਂ ਨੂੰ ਪ੍ਰਮੁਖਤਾ ਨਾਲ ਇਨਫੈਕਟਿਡ ਕਰ ਰਿਹਾ ਹੈ। ਇਸ ਦਾ ਅਸਰ ਤੇਲੰਗਾਨਾ (192 ਨਮੂਨੇ), ਮਹਾਰਾਸ਼ਟਰ (83) ਅਤੇ ਕਰਨਾਟਕ (82) ’ਚ ਵੀ ਵੇਖਿਆ ਗਿਆ। ਇਸ ਤੋਂ ਪੀੜਤ ਹੋਣ ਵਾਲੇ ਲੋਕਾਂ ਦੇ ਅਨੁਪਾਤ ’ਚ ਪਿਛਲੇ ਇਕ ਮਹੀਨੇ ’ਚ 50 ਫ਼ੀਸਦੀ ਦੀ ਕਮੀ ਆਈ ਹੈ।
ਡਬਲ ਮਿਊਟੈਂਟ ਉਰਫ ਬੀ-1.617
ਡਬਲ ਮਿਊਟੈਂਟ, ਜਿਸ ਨੂੰ ਬੀ-1.617 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਮੁੱਖ ਰੂਪ ’ਚ ਮਹਾਰਾਸ਼ਟਰ (721 ਨਮੂਨੇ), ਪੱਛਮੀ ਬੰਗਾਲ (124), ਦਿੱਲੀ (107) ਅਤੇ ਗੁਜਰਾਤ (102) ਨੂੰ ਪ੍ਰਭਾਵਿਤ ਕਰ ਰਿਹਾ ਹੈ।
ਦੱਖਣੀ ਅਫਰੀਕੀ ਉਰਫ ਬੀ-1.315
ਵਾਇਰਸ ਦੇ ਦੱਖਣ ਅਫਰੀਕੀ ਰੂਪ ਦਾ ਮੁੱਖ ਤੌਰ ’ਤੇ ਪ੍ਰਭਾਵ ਤੇਲੰਗਾਨਾ ਅਤੇ ਦਿੱਲੀ ’ਚ ਦੇਖਣ ਨੂੰ ਮਿਲਿਆ। ਇਸ ਨੂੰ ਬੀ-1.315 ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬ੍ਰਾਜੀਲੀਆਈ ਰੂਪ ਸਿਰਫ ਮਹਾਰਾਸ਼ਟਰ ’ਚ ਮਿਲਿਆ ਅਤੇ ਉਸ ਦਾ ਅਨੁਪਾਤ ਨਾ-ਮਾਤਰ ਹੈ।
ਇਹ ਵੀ ਪੜ੍ਹੋ : ਦਿੱਲੀ ਦੇ ਹਸਪਤਾਲਾਂ 'ਚ ਕੋਰੋਨਾ ਦੇ ਝੰਬੇ ਲੋਕ ਹੁਣ ਹੋ ਰਹੇ ਨੇ ਫੰਗਲ ਇਨਫੈਕਸ਼ਨ ਦੇ ਸ਼ਿਕਾਰ