ਕੋਵਿਡ-19: ਹਿਮਾਚਲ ਨੇ ਮੰਦਰਾਂ ਕੀਤੇ ਬੰਦ, ਸ਼ਰਧਾਲੂ ਨੂੰ ਆਨਲਾਈਨ ਦਰਸ਼ਨ ਕਰਨ ਦੀ ਦਿੱਤੀ ਸਲਾਹ
Tuesday, Mar 17, 2020 - 06:25 PM (IST)
ਧਰਮਸ਼ਾਲਾ- ਕੋਰੋਨਾ ਵਾਇਰਸ ਸਬੰਧੀ ਪੂਰੀ ਦੁਨੀਆ 'ਚ ਅਲਰਟ ਹੈ। ਇਸ ਨਾਲ ਨਜਿੱਠਣ ਲਈ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਵੱਡੀ ਪੱਧਰ 'ਤੇ ਕਦਮ ਚੁੱਕੇ ਜਾ ਰਹੇ ਹਨ। ਲੋਕਾਂ ਦਾ ਇਕ ਜਗ੍ਹਾ ਇੱਕਠੇ ਹੋਣਾ, ਸ਼ਾਪਿੰਗ ਮਾਲ, ਸਕੂਲ-ਕਾਲਜਾਂ ਤੋਂ ਇਲਾਵਾ ਹੋਰ ਸਾਰੀਆਂ ਜਨਤਕ ਥਾਵਾਂ 'ਤੇ ਪਾਬੰਦੀ ਲਗਾ ਦਿੱਤੀਆਂ ਗਈਆਂ ਹਨ।ਇਸ ਵਾਇਰਸ ਦਾ ਅਸਰ ਦੁਨੀਆ ਭਰ ਦੇ ਧਾਰਮਿਕ ਸਥਾਨਾਂ ਤੇ ਪ੍ਰੋਗਰਾਮ ਵਾਲੀਆਂ ਥਾਵਾਂ 'ਤੇ ਵੀ ਪਿਆ ਹੈ।ਮਿਲੀ ਜਾਣਕਾਰੀ ਅਨੁਸਾਰ ਹੁਣ ਹਿਮਾਚਲ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਸੋਮਵਾਰ ਨੂੰ ਸੂਬੇ ਭਰ ਦੇ ਮੰਦਰਾਂ ਨੂੰ ਅਗਲੇ ਹੁਕਮਾਂ ਤਕ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਮੰਦਰਾਂ 'ਚ ਪੂਜਾ ਹੁੰਦੀ ਰਹੇਗੀ ਪਰ ਸ਼ਰਧਾਲੂ ਮੰਦਰ ਕੰਪਲੈਕਸਾਂ 'ਚ ਨਹੀਂ ਜਾ ਸਕਣਗੇ। ਸ਼ਰਧਾਲੂਆਂ ਦੀ ਸਹੂਲਤ ਲਈ ਆਰਤੀ ਦੀ ਵੈੱਬਕਾਸਟਿੰਗ ਹੋਵੇਗੀ। ਵਿਭਾਗ ਦੇ ਐਡੀਸ਼ਨਲ ਸਕੱਤਰ ਆਰਡੀ ਧੀਮਾਨ ਵਲੋਂ ਜਾਰੀ ਆਦੇਸ਼ ਮੁਤਾਬਕ, ਜ਼ਿਲ੍ਹਾ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾ ਜਗਰਾਤੇ, ਲੰਗਰ, ਸਤਿਸੰਗ, ਪਾਰਟੀਆਂ ਨਹੀਂ ਕਰਵਾਈਆਂ ਜਾ ਸਕਣਗੀਆਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਰੂਰੀ ਨਾ ਹੋਵੇ ਤਾਂ ਘਰਾਂ ਤੋਂ ਨਾ ਨਿਕਲਣ। ਜੇਕਰ ਕਿਤੇ ਜਾਣਾ ਹੀ ਪਵੇ ਤਾਂ ਜ਼ਰੂਰੀ ਸੁਰੱਖਿਆ ਪ੍ਰਬੰਧ ਕਰ ਕੇ ਹੀ ਨਿਕਲਣ।
ਦੂਜੇ ਪਾਸੇ ਕਾਂਗੜਾ ਦੇ ਡਿਪਟੀ ਕਮਿਸ਼ਨਰ ਰਾਕੇਸ਼ ਪ੍ਰਜਾਪਤੀ ਨੇ ਆਦੇਸ਼ ਜਾਰੀ ਕਰ ਦੇ ਹੋਏ ਜ਼ਿਲ੍ਹੇ ਦੀਆਂ ਤਿੰਨ ਸ਼ਕਤੀਪੀਠਾਂ (ਮਾਂ ਚਿੰਤਪੁਰਨੀ, ਨੈਣਾ ਦੇਵੀ, ਸ਼੍ਰੀ ਜਵਾਲਾਜੀ, ਸ਼੍ਰੀ ਬ੍ਰਜੇਸ਼ਵਰੀ ਦੇਵੀ ਤੇ ਚਾਮੁੰਡਾ ਨੰਦੀਕੇਸ਼ਵਰ ਧਾਮ) ਨੂੰ ਮੰਗਲਵਾਰ ਸ਼ਾਮ ਤੋਂ ਬੰਦ ਕਰਨ ਦਾ ਆਦੇਸ਼ ਦਿੱਤਾ ਹੈ।
ਤਾਜ਼ਾ ਮਿਲੇ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤੱਕ ਲਗਭਗ 131 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਕੋਰੋਨਾ ਨਾਲ ਦੇਸ਼ 'ਚ ਹੁਣ ਤੱਕ ਤੀਜੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੁਣ ਤੱਕ 13 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਚੀਨ ਤੋਂ ਫੈਲਿਆ ਇਹ ਵਾਇਰਸ ਦੁਨੀਆ ਭਰ ਦੇ ਕਰੀਬ 160 ਤੋਂ ਵਧੇਰੇ ਦੇਸ਼ਾਂ 'ਚ ਫੈਲ ਚੁੱਕਾ ਹੈ। ਇਸ ਵਾਇਰਸ ਕਾਰਨ ਦੁਨੀਆ ਭਰ 'ਚ 7,174 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 1,82,723 ਲੋਕ ਵਾਇਰਸ ਦੀ ਲਪੇਟ 'ਚ ਹਨ। ਹੌਲੀ-ਹੌਲੀ ਇਹ ਵਾਇਰਸ ਦੇਸ਼ਾਂ 'ਚ ਆਪਣੇ ਪੈਰ ਪਸਾਰ ਰਿਹਾ ਹੈ।