ਹਿਮਾਚਲ ’ਚ ਸਾਰੀਆਂ ਸਿੱਖਿਆ ਸੰਸਥਾਵਾਂ ਸਮੇਤ ਸਿਨੇਮਾ ਘਰ 31 ਮਾਰਚ ਤੱਕ ਬੰਦ
Saturday, Mar 14, 2020 - 01:52 PM (IST)
ਸ਼ਿਮਲਾ—ਪੂਰੀ ਦੁਨੀਆ ’ਚ ਪੈਰ ਪਸਾਰ ਚੁੱਕੇ ਖਤਰਨਾਕ ਕੋਰੋਨਾਵਾਇਰਸ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਸਿਨੇਮਾਘਰਾਂ ਨੂੰ 31 ਮਾਰਚ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਹੈ। ਸੂਬੇ ਦੇ ਸਾਰੇ ਆਂਗਣਵਾੜੀ ਕੇਂਦਰ ਅਤੇ ਕ੍ਰੈਚ ਵੀ 31 ਮਾਰਚ ਤੱਕ ਬੰਦ ਰਹਿਣਗੇ ਜਦਕਿ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਚਾਲੂ ਰਹਿਣਗੀਆਂ।
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅੱਜ ਭਾਵ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਬਜਟ ਸੈਂਸ਼ਨ ਦੌਰਾਨ ਸਦਨ ’ਚ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਸਾਰੀਆਂ ਬੈਠਕਾਂ, ਕਾਰਜਸ਼ਾਲਾਵਾਂ ਆਦਿ ਜੋ ਕਿ ਜ਼ਿਆਦਾ ਜਰੂਰੀ ਨਹੀਂ ਹਨ ਉਹ ਵੀ 31 ਮਾਰਚ ਤੱਕ ਟਾਲ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਜੈਰਾਮ ਨੇ ਕਿਹਾ ਹੈ ਕਿ ਸਰਕਾਰ ਦੇ ਇਸ ਕਦਮ ਨੂੰ ਲੋਕ ਸਕਾਰਤਮਕ ਰੂਪ ’ਚ ਲੈਣ ਅਤੇ ਡਰ ਦਾ ਮਾਹੌਲ ਨਾ ਫੈਲਾ ਸਕਣ। ਕੋਵਿਡ-19 ਵਾਇਰਸ ਦੇ ਡਰ ਕਾਰਨ ਹਿਮਾਚਲ ਸਰਕਾਰ ਨੇ ਮੇਲੇ, ਤਿਉਹਾਰ ਅਤੇ ਖੇਡ ਮੁਕਾਬਲੇ ਵੀ ਰੱਦ ਕਰ ਦਿੱਤੇ ਗਏ ਹਨ। ਧਾਰਮਿਕ ਆਯੋਜਨਾਂ ’ਚ ਵੀ ਭੀੜ ਇੱਕਠੀ ਨਾ ਹੋਣ ਦਾ ਆਦੇਸ਼ ਜਾਰੀ ਕੀਤਾ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਧ ਕੇ ਅੱਜ ਭਾਵ ਸ਼ਨੀਵਾਰ ਨੂੰ 83 ਤੱਕ ਪਹੁੰਚ ਗਈ।ਇਨ੍ਹਾਂ 'ਚ ਦਿੱਲੀ ਅਤੇ ਕਰਨਾਟਕ 'ਚ ਹੋਈ ਇਕ-ਇਕ ਵਿਅਕਤੀ ਦੀ ਮੌਤ ਦੇ ਮਾਮਲੇ ਵੀ ਸ਼ਾਮਲ ਹਨ। ਤਾਜ਼ਾ ਅੰਕੜਿਆਂ ਮੁਤਾਬਕ ਦਿੱਲੀ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ 7 ਮਾਮਲੇ ਅਤੇ ਉੱਤਰ ਪ੍ਰਦੇਸ਼ 'ਚ 11 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕਰਨਾਟਕ 'ਚ 6 ਮਰੀਜ਼,ਮਹਾਰਾਸ਼ਟਰ 14, ਲੱਦਾਖ 'ਚ 3 ਅਤੇ ਰਾਜਸਥਾਨ, ਤੇਲੰਗਾਨਾ, ਤਾਮਿਲਨਾਡੂ, ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼, ਪੰਜਾਬ ਤੋਂ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਕੇਰਲ 'ਚ ਕੋਰੋਨਾ ਵਾਇਰਸ ਦੇ 19 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ ਤਿੰਨ ਮਰੀਜ਼ਾਂ ਨੂੰ ਪਿਛਲੇ ਮਹੀਨੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ। ਅੱਜ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਦੇ ਸਫਦਰਗੰਜ ਹਸਪਤਾਲ 'ਚ ਭਰਤੀ ਕੋਰੋਨਾਵਾਇਰਸ ਦੇ 7 ਮਰੀਜ਼ ਠੀਕ ਹੋ ਚੁੱਕੇ ਹਨ।