ਕੋਰੋਨਾ ਵਾਇਰਸ : ਗੁੱਡ ਨਿਊਜ਼, 10 ਹਜ਼ਾਰ ਤੋਂ ਵਧੇਰੇ ਲੋਕ ਹੋਏ ਸਿਹਤਮੰਦ

05/03/2020 3:56:58 PM

ਨਵੀਂ ਦਿੱਲੀ (ਵਾਰਤਾ)- ਦੇਸ਼ ਵਿਚ ਜਿੱਥੇ ਇਕ ਪਾਸੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ, ਉੱਥੇ ਹੀ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਕੋਰੋਨਾ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 'ਚ ਵੀ ਇਜਾਫਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਨਾਲ ਪੀੜਤ 682 ਲੋਕਾਂ ਦੇ ਸਿਹਤਮੰਦ ਹੋਣ ਨਾਲ ਅਜਿਹੇ ਲੋਕਾਂ ਦੀ ਗਿਣਤੀ 10,633 'ਤੇ ਪਹੁੰਚ ਗਈ ਹੈ ਅਤੇ ਇਨ੍ਹਾਂ ਦੀ ਰਿਕਵਰੀ ਦਰ ਵੱਧ ਕੇ 26 ਫੀਸਦੀ ਤੋਂ ਵਧੇਰੇ ਹੋ ਗਈ ਹੈ।

ਕੇਂਦਰ ਸਰਕਾਰ ਦੇਸ਼ ਵਿਚ ਕੋਰੋਨਾ ਵਾਇਰਸ 'ਕੋਵਿਡ-19' ਦੇ ਮਾਮਲਿਆਂ ਦੀ ਰੋਕਥਾਮ, ਕੰਟਰੋਲ ਅਤੇ ਇਸ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦੀ ਉੱਚ ਪੱਧਰ 'ਤੇ ਨਿਗਰਾਨੀ ਰੱਖ ਰਹੀ ਹੈ। ਸਿਹਤ ਮੰਤਰਾਲਾ ਨੇ ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਨੂੰ ਦੇਖਦਿਆਂ ਰੈੱਡ ਅਤੇ ਗ੍ਰੀਨ ਜ਼ੋਨ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਵਿਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਅਤੇ ਉਨ੍ਹਾਂ ਦੇ ਦੁੱਗਣਾ ਹੋਣ ਦੀ ਦਰ ਕਾਰਕ ਹੈ। ਇਸ ਤੋਂ ਇਲਾਵਾ ਉੱਥੇ ਨਮੂਨਿਆਂ ਦੀ ਜਾਂਚ ਦੀ ਦਰ ਅਤੇ ਆਬਾਦੀ ਦੀ ਘਣਤਾ ਨੂੰ ਵੀ ਧਿਆਨ ਵਿਚ ਰੱਖਿਆ ਜਾਣਾ ਹੈ। ਇਸ ਨੂੰ ਦੇਖਦਿਆਂ ਰੈੱਡ ਅਤੇ ਓਰੇਂਜ ਜ਼ੋਨ ਨੂੰ ਮੁੜ ਪਰਿਭਾਸ਼ਿਤ ਕੀਤਾ ਗਿਆ ਹੈ। ਇਨ੍ਹਾਂ ਖੇਤਰਾਂ ਵਿਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਉਪਯੁਕਤ 'ਕੰਟੇਨਮੈਂਟ ਸਟ੍ਰੈਟਿਜੀ' ਅਪਣਾਈ ਜਾਣੀ ਜ਼ਰੂਰੀ ਹੈ।

PunjabKesari


ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਮੁਤਾਬਕ ਭਾਰਤ ਵਿਚ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਦਰ ਦੁਨੀਆ ਵਿਚ ਸਭ ਤੋਂ ਘੱਟ ਹੈ। ਉਨ੍ਹਾਂ ਕਿਹਾ ਕਿ 10,000 ਤੋਂ ਵਧੇਰੇ ਕੋਵਿਡ-19 ਰੋਗੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਜੋ ਅਜੇ ਵੀ ਹਸਪਤਾਲਾਂ 'ਚ ਭਰਤੀ ਹਨ, ਉਹ ਸਿਹਤਯਾਬੀ ਦੇ ਰਾਹ 'ਤੇ ਹਨ। ਜੇਕਰ ਪਿਛਲੇ 14 ਦਿਨਾਂ ਵਿਚ ਦੁੱਗਣੀ ਦਰ 10.5 ਦਿਨ ਸੀ, ਤਾਂ ਅੱਜ ਇਹ 12 ਦਿਨ ਹੋ ਗਈ ਹੈ। ਸਾਡੀ ਮੌਤ ਦਰ 3.2 ਫੀਸਦੀ ਹੈ, ਜੋ ਕਿ ਦੁਨੀਆ 'ਚ ਸਭ ਤੋਂ ਘੱਟ ਹੈ।
ਸਿਹਤ ਮੰਤਰਾਲਾ ਵਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਕੋਰੋਨਾ ਪੀੜਤ ਰਹੇ 10,633 ਲੋਕ ਸਿਹਤਮੰਦ ਹੋ ਕੇ ਘਰ ਜਾ ਚੁੱਕੇ ਹਨ। ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ 1,301 ਹੋ ਗਈ ਹੈ। ਵਾਇਰਸ ਤੋਂ ਪੀੜਤ ਲੋਕਾਂ ਦੀ ਕੁੱਲ ਗਿਣਤੀ ਹੁਣ 39,980 ਤੱਕ ਪਹੁੰਚ ਗਈ ਹੈ। ਮੰਤਰਾਲਾ ਮੁਤਾਬਕ 28,046 ਲੋਕ ਅਜੇ ਵੀ ਕੋਰੋਨਾ ਨਾਲ ਪੀੜਤ ਹਨ।


Tanu

Content Editor

Related News