ਕੋਵਿਡ-19 : ਦਿੱਲੀ-ਗਾਜ਼ੀਆਬਾਦ ਬਾਰਡਰ ''ਤੇ ਲੱਗਾ ਜਾਮ, ਵਾਹਨਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
Tuesday, Apr 21, 2020 - 12:30 PM (IST)

ਨਵੀਂ ਦਿੱਲੀ- ਦਿੱਲੀ-ਗਾਜ਼ੀਆਬਾਦ ਬਾਰਡਰ 'ਤੇ ਸੜਕ ਦਰਮਿਆਨ ਲੰਬਾ ਜਾਮ ਲੱਗਾ ਹੋਇਆ ਹੈ। ਦਰਅਸਲ ਕੋਰੋਨਾ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਗਾਜ਼ੀਆਬਾਦ ਤੋਂ ਦਿੱਲੀ ਆਉਣ-ਜਾਣ ਦਾ ਮਾਰਗ ਬੰਦ ਕਰ ਦਿੱਤਾ ਗਿਆ ਹੈ। ਜ਼ਿਲਾ ਪ੍ਰਸ਼ਾਸਨ ਨੇ ਇਹ ਕਦਮ ਦਿੱਲੀ ਜਾਣ ਵਾਲੇ 6 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਤੋਂ ਬਾਅਦ ਚੁੱਕਿਆ ਹੈ। ਗਾਜ਼ੀਆਬਾਦ ਜ਼ਿਲੇ ਦੇ ਡੀ.ਐੱਮ. ਨੇ ਕਿਹਾ ਹੈ ਕਿ ਕਿਸੇ ਨੂੰ ਵੀ ਇਥੋਂ ਦਿੱਲੀ ਜਾਣ ਦੀ ਮਨਜ਼ੂਰੀ ਨਹੀਂ ਮਿਲ ਰਹੀ ਹੈ। ਇਹ ਪਾਬੰਦੀ ਮੰਗਲਵਾਰ ਤੋਂ ਅਮਲ 'ਚ ਆਈ ਹੈ। ਹੁਣ ਵਿਸ਼ੇਸ਼ ਮਨਜ਼ੂਰੀ ਮਿਲਣ 'ਤੇ ਹੀ ਦਿੱਲੀ ਤੋਂ ਗਾਜ਼ੀਆਬਾਦ ਜਾਣ ਜਾਂ ਆਉਣ ਦੀ ਮਨਜ਼ੂਰੀ ਮਿਲ ਰਹੀ ਹੈ। ਅਜਿਹੇ 'ਚ ਬਾਰਡਰ 'ਤੇ ਜਾਂਚ ਮੁਹਿੰਮ ਵੀ ਚਲਾਈ ਗਈ ਹੈ। ਇਸ ਕਾਰਨ ਜ਼ਰੂਰੀ ਵਸਤੂਆਂ ਅਤੇ ਵਿਸ਼ੇਸ਼ ਮਨਜ਼ੂਰੀ ਵਾਲੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।
ਇਸ ਸੰਬੰਧ 'ਚ ਗਾਜ਼ੀਆਬਾਦ ਜ਼ਿਲੇ ਦੇ ਡੀ.ਐੱਮ. ਅਜੇ ਸ਼ੰਕਰ ਪਾਂਡੇ ਨੇ ਕਿਹਾ ਕਿ ਸਿਹਤ ਵਿਭਾਗ ਦੀ ਰਿਪੋਰਟ ਤੋਂ ਜਾਣਕਾਰੀ ਮਿਲੀ ਹੈ ਕਿ ਇਥੋਂ ਦਿੱਲੀ ਆਉਣ ਅਤੇ ਜਾਣ ਵਾਲੇ ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਹਨ। ਡੀ.ਐੱਮ. ਅਨੁਸਾਰ, ਇਸ ਤਰਾਂ ਦੇ 6 ਮਾਮਲਿਆਂ ਦੀ ਜਾਣਕਾਰੀ ਮਿਲੀ ਹੈ। ਡੀ.ਐੱਮ. ਨੇ ਸਾਫ਼ ਕਰ ਦਿੱਤਾ ਹੈ ਕਿ ਇਥੋਂ ਕਿਸੇ ਨੂੰ ਵੀ ਦਿੱਲੀ ਜਾਣ ਦੀ ਮਨਜ਼ੂਰੀ ਨਹੀਂ ਮਿਲੇਗੀ।
ਇਕ ਨਿਊਜ਼ ਏਜੰਸੀ ਅਨੁਸਾਰ ਸਿਹਤ ਵਿਭਾਗ ਦੀ ਇਕ ਰਿਪੋਰਟ ਤੋਂ ਬਾਅਦ ਇਸ ਤਰਾਂ ਦਾ ਕਦਮ ਚੁੱਕਿਆ ਗਿਆ ਹੈ। ਇਸ ਰਿਪੋਰਟ 'ਚਜਾਣਕਾਰੀ ਮਿਲੀ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਇਥੇ ਵੱਡੇ ਇਨਫੈਕਸ਼ਨ ਦਾ ਖਤਰਾ ਹੋ ਸਕਦਾ ਹੈ। ਦੱਸਣਯੋਗ ਹੈ ਕਿ ਜ਼ਿਲੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 46 ਪਹੁੰਚ ਗਈ ਹੈ। ਇਸ ਲਿਸਟ 'ਚ ਜਮਾਤੀਆਂ ਦੀ ਗਿਣਤੀ 27 ਹੈ। ਇਨਾਂ 'ਚੋਂ 14 ਜਮਾਤੀ ਪਿਛਲੇ 2 ਦਿਨਾਂ ਦੇ ਅੰਦਰ ਇਸ ਖਤਰਨਾਕ ਵਾਇਰਸ ਨਾਲ ਇਨਫੈਕਡ ਹੋਏ ਹਨ।