ਬਾਂਕੇ ਬਿਹਾਰੀ ਸਮੇਤ ਵਰਿੰਦਾਵਨ ਦੇ ਪ੍ਰਸਿੱਧ ਮੰਦਰ 31 ਜੁਲਾਈ ਤੱਕ ਬੰਦ
Thursday, Jul 02, 2020 - 05:12 PM (IST)
ਮਥੁਰਾ (ਉੱਤਰ ਪ੍ਰਦੇਸ਼)- ਕੋਰੋਨਾ ਵਾਇਰਸ ਇਨਫੈਕਸ਼ਨ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਵਰਿੰਦਾਵਨ ਦੇ ਵਿਸ਼ਵ ਪ੍ਰਸਿੱਧ ਠਾਕੁਰ ਬਾਂਕੇ ਬਿਹਾਰੀ ਮੰਦਰ ਅਤੇ ਸਪਤਦੇਵਾਲਿਆਂ ਸਮੇਤ ਸਾਰੇ ਪ੍ਰਸਿੱਧ ਮੰਦਰਾਂ ਨੂੰ 31 ਜੁਲਾਈ ਤੱਕ ਸ਼ਰਧਾਲੂਆਂ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਸਾਰੇ ਮੰਦਰਾਂ 'ਚ ਠਾਕੁਰ ਜੀ ਦੀ ਸੇਵਾ-ਪੂਜਾ ਦਾ ਕੰਮ ਉੱਥੋਂ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਦੀ ਹਾਜ਼ਰੀ 'ਚ ਜਾਰੀ ਰਹੇਗਾ ਪਰ ਆਮ ਸ਼ਰਧਾਲੂਆਂ ਨੂੰ ਮੰਦਰ 'ਚ ਪ੍ਰਵੇਸ਼ ਦੀ ਮਨਜ਼ੂਰੀ ਨਹੀਂ ਰਹੇਗੀ। ਜੋ ਸ਼ਰਧਾਲੂ ਠਾਕੁਰ ਜੀ ਦਾ ਦਰਸ਼ਨ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਆਨਲਾਈਨ ਸੇਵਾ ਜਾਰੀ ਰਹੇਗੀ। ਭਗਤ ਮੰਦਰ ਦੀ ਵੈੱਬਸਾਈਟ, ਫੇਸਬੁੱਕ, ਵਟਸਐੱਪ, ਇੰਸਟਾਗ੍ਰਾਮ ਅਤੇ ਯੂ-ਟਿਊਬ ਆਦਿ ਸੋਸ਼ਲ ਮੀਡੀਆ ਮੰਚਾਂ 'ਤੇ ਠਾਕੁਰ ਜੀ ਦੇ ਦਰਸ਼ਨ ਕਰ ਸਕਣਗੇ।
ਵਰਿੰਦਾਵਨ ਦੇ ਮੰਦਰਾਂ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਨੇ ਮੰਗਲਵਾਰ ਨੂੰ ਆਨਲਾਈਨ ਐਮਰਜੈਂਸੀ ਬੈਠਕ ਬੁਲਾ ਕੇ ਫੈਸਲਾ ਲਿਆ ਕਿ ਮੰਦਰ ਆਉਣ ਵਾਲੇ ਸ਼ਰਧਾਲੂਆਂ ਦੀ ਭੀੜ ਦੇ ਕੰਟਰੋਲ ਦੀ ਜ਼ਿੰਮੇਵਾਰੀ ਕੋਰੋਨਾ ਵਾਇਰਸ ਇਨਫੈਕਸ਼ਨ ਦਰਮਿਆਨ ਸਰਕਾਰ ਵਲੋਂ ਮੰਦਰ ਪ੍ਰਬੰਧਨ 'ਤੇ ਪਾਏ ਜਾਣ ਦੇ ਮੱਦੇਨਜ਼ਰ ਮੰਦਰਾਂ ਨੂੰ ਫਿਲਹਾਲ ਨਾ ਖੋਲ੍ਹਣਾ ਹੀ ਉੱਚਿਤ ਹੋਵੇਗਾ। ਠਾਕੁਰ ਬਾਂਕੇ ਬਿਹਾਰੀ ਮੰਦਰ ਦੇ ਪ੍ਰਬੰਧਕ ਮੁਨੀਸ਼ ਕੁਮਾਰ ਸ਼ਰਮਾ ਨੇ ਕਿਹਾ,''ਅਸੀਂ ਸੇਵਾਦਾਰਾਂ ਤੋਂ ਸੁਝਾਅ ਲਏ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦਰਮਿਆਨ ਦਰਸ਼ਨ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਭੀੜ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ ਪਰ ਸਾਰੇ ਸੇਵਾਦਾਰ ਇਸ ਸਥਿਤੀ 'ਚ ਮੰਦਰ ਨੂੰ ਆਮ ਭਗਤਾਂ ਲਈ ਨਾ ਖੋਲ੍ਹੇ ਜਾਣ ਦੇ ਪੱਖ 'ਚ ਨਜ਼ਰ ਆਏ।''
ਉਨ੍ਹਾਂ ਨੇ ਦੱਸਿਆ ਕਿ ਆਮ ਸ਼ਰਧਾਲੂਆਂ ਲਈ 31 ਜੁਲਾਈ ਤੱਕ ਮੰਦਰ ਦੇ ਕਿਵਾੜ ਬੰਦ ਰਹਿਣਗੇ। ਮੰਦਰ ਪ੍ਰਬੰਧਨ ਅਤੇ ਸੇਵਾਦਾਰਾਂ ਦੀ ਭੀੜ ਕੰਟਰੋਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਕੋਈ ਭਰੋਸਾ ਨਾ ਮਿਲਣ ਕਾਰਨ ਮੰਦਰਾਂ ਦੇ ਕਿਵਾੜ ਆਮ ਸ਼ਰਧਾਲੂਆਂ ਲਈ 30 ਜੂਨ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਸੀ ਅਤੇ ਹੁਣ ਮੰਦਰਾਂ ਨੂੰ 31 ਜੁਲਾਈ ਤੱਕ ਨਹੀਂ ਖੋਲ੍ਹੇ ਜਾਣ ਦਾ ਫੈਸਲਾ ਕੀਤਾ ਗਿਆ ਹੈ।