ਕੋਰੋਨਾ : ਮਾਸਕ ਪਹਿਨ ਕੇ ਜੋੜੇ ਨੇ ਘਰ ''ਚ ਵੀ ਕਰਵਾਇਆ ਵਿਆਹ, ''ਜਨਤਾ ਕਰਫਿਊ'' ਦਾ ਕੀਤਾ ਪਾਲਣ
Saturday, Mar 21, 2020 - 12:29 PM (IST)
ਠਾਣੇ (ਭਾਸ਼ਾ)— ਕੋਰੋਨਾ ਵਾਇਰਸ ਦਾ ਖਤਰਾ ਭਾਰਤ 'ਚ ਵੱਧਦਾ ਹੀ ਜਾ ਰਿਹਾ ਹੈ। ਹੁਣ ਤੱਕ ਕਰੀਬ 258 ਕੇਸ ਸਾਹਮਣੇ ਆ ਚੁੱਕੇ ਹਨ। ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਲਈ ਸਮਾਜਿਕ ਦੂਰੀ ਦੀ ਜ਼ਰੂਰਤ ਨੂੰ ਸਮਝਦੇ ਹੋਏ ਠਾਣੇ 'ਚ ਇਕ ਜੋੜਾ ਬੇਹੱਦ ਸੀਮਤ ਗਿਣਤੀ 'ਚ ਮੌਜੂਦ ਸਕੇ-ਸਬੰਧੀਆਂ ਅਤੇ ਦੋਸਤਾਂ ਦੀ ਮੌਜੂਦਗੀ 'ਚ ਵਿਆਹ ਬੰਧਨ 'ਚ ਬੱਝਾ। ਵਿਆਹ ਕਰ ਰਹੇ ਜੋੜੇ ਸਮੇਤ ਸਾਰਿਆਂ ਨੇ ਇਸ ਦੌਰਾਨ ਮਾਸਕ ਪਹਿਨ ਕੇ ਸਮਾਰੋਹ 'ਚ ਹਿੱਸਾ ਲਿਆ। ਠਾਣੇ ਜ਼ਿਲੇ ਦੇ ਕਲਿਆਣ 'ਚ ਲਾੜੇ ਦੇ ਘਰ 'ਚ ਵਿਆਹ ਸਮਾਰੋਹ ਆਯੋਜਿਤ ਕੀਤਾ ਗਿਆ। ਦਰਅਸਲ ਵਿਆਹ ਸਮਾਰੋਹ ਲਈ ਪਹਿਲਾਂ 22 ਮਾਰਚ ਦੀ ਤਰੀਕ ਤੈਅ ਕੀਤੀ ਗਈ ਸੀ ਪਰ ਉਸ ਦਿਨ 'ਜਨਤਾ ਕਰਫਿਊ' ਕਾਰਨ ਵਿਆਹ ਪਹਿਲਾਂ ਕਰਨ ਦਾ ਫੈਸਲਾ ਕੀਤਾ ਗਿਆ। 25 ਸਾਲਾ ਲਾੜਾ ਰੂਪੇਸ਼ ਜਾਧਵ ਪੇਸ਼ੇ ਤੋਂ ਵਕੀਲ ਹੈ ਅਤੇ ਲਾੜੀ ਪ੍ਰਿਅੰਕਾ ਇਕ ਆਈ. ਟੀ. ਕੰਪਨੀ 'ਚ ਕੰਮ ਕਰਦੀ ਹੈ। ਸਫੈਦ ਪੋਸ਼ਾਕ ਅਤੇ ਮਾਸਕ ਪਹਿਨੇ ਜੋੜੇ ਨੂੰ ਵਿਆਹ ਸਮਾਰੋਹ 'ਚ ਵਾਰ-ਵਾਰ ਹੈਂਡ ਸੈਨੇਟਾਈਜ਼ਰ ਇਸਤੇਮਾਲ ਕਰਦੇ ਦੇਖਿਆ ਗਿਆ।
ਲਾੜੇ ਰੂਪੇਸ਼ ਨੇ ਵਿਆਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਆਹ 22 ਮਾਰਚ ਨੂੰ ਹੋਣਾ ਸੀ। ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ। ਅਸੀਂ ਫਰਵਰੀ 'ਚ ਹੀ ਹਾਲ ਬੁਕ ਕਰ ਲਿਆ ਸੀ ਅਤੇ ਜ਼ਿਆਦਾਤਰ ਰਿਸ਼ਤੇਦਾਰਾਂ ਨੂੰ ਸੱਦਾ ਭੇਜ ਦਿੱਤਾ ਸੀ ਪਰ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਅਸੀਂ ਇਸ ਸਮਾਰੋਹ ਨੂੰ ਰੱਦ ਕਰਨ ਅਤੇ ਸਾਦੇ ਸਮਾਰੋਹ 'ਚ ਵਿਆਹ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਘਰ 'ਚ ਹੀ ਵਿਆਹ ਸਮਾਰੋਹ ਕੀਤਾ ਗਿਆ। ਵਿਆਹ ਵਿਚ ਸਿਰਫ 20 ਮਹਿਮਾਨ ਸ਼ਾਮਲ ਹੋਏ, ਜਿਨ੍ਹਾਂ 'ਚ ਨੇੜਲੇ ਰਿਸ਼ਤੇਦਾਰ ਅਤੇ ਚੁਨਿੰਦਾ ਦੋਸਤ ਸ਼ਾਮਲ ਸਨ। ਜੋੜੇ ਦੀ ਇਕ ਦੋਸਤ ਰਾਧਿਕਾ ਸਾਲਵੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਕੋਰੋਨਾ ਵਾਇਰਸ 'ਤੇ ਰਾਸ਼ਟਰ ਨੂੰ ਸੰਬੋਧਿਤ ਕਰਨ ਦੇ ਤੁਰੰਤ ਬਾਅਦ ਅਸੀਂ ਵਿਆਹ ਸਮਾਰੋਹ ਪਹਿਲਾਂ ਕਰਨ ਦਾ ਫੈਸਲਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਸੰਜਮ ਵਰਤਣ ਅਤੇ ਐਤਵਾਰ ਨੂੰ ਪੂਰੇ ਦੇਸ਼ ਵਿਚ ਜਨਤਾ ਕਰਫਿਊ ਦਾ ਪਾਲਣ ਕਰਨ ਦੀ ਅਪੀਲ ਕੀਤੀ ਸੀ।