ਜਜ਼ਬੇ ਨੂੰ ਸਲਾਮ, ਕੋਰੋਨਾ ਖਿਲਾਫ ਜੰਗ ਲੜ੍ਹ ਰਹੇ ਡਾਕਟਰ ਨੇ ਕਾਰ ਨੂੰ ਹੀ ਬਣਾ ਲਿਆ ''ਘਰ''
Wednesday, Apr 08, 2020 - 12:10 PM (IST)
 
            
            ਭੋਪਾਲ-ਪੂਰੀ ਦੁਨੀਆ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਦੇ ਮੱਦੇਨਜ਼ਰ ਜਿੱਥੇ ਇਕ ਪਾਸੇ ਪੂਰਾ ਦੇਸ਼ ਲਾਕਡਾਊਨ ਕੀਤਾ ਗਿਆ ਹੈ, ਉੱਥੇ ਹੀ ਦੇਸ਼ ਭਰ ਦੇ ਡਾਕਟਰ ਆਪਣੇ ਘਰ ਅਤੇ ਪਰਿਵਾਰ ਛੱਡ ਕੇ ਦੇਸ਼ ਦੀ ਸੇਵਾ 'ਚ ਜੁੱਟੇ ਹੋਏ ਹਨ ਅਤੇ ਕੋਰੋਨਾ ਖਿਲਾਫ ਜੰਗ 'ਚ ਆਪਣਾ ਯੋਗਦਾਨ ਪਾ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਭੋਪਾਲ ਦਾ , ਜਿੱਥੇ ਜੇ.ਪੀ ਹਸਪਤਾਲ 'ਚ ਕੰਮ ਕਰ ਰਹੇ ਡਾਟਕਰ ਨੇ ਕਾਰ ਨੂੰ ਹੀ ਆਪਣਾ ਘਰ ਬਣਾ ਲਿਆ ਹੈ। ਕੋਰੋਨਾ ਇਨਫੈਕਟਡ ਦਾ ਇਲਾਜ ਕਰ ਰਹੇ ਡਾਕਟਰ ਅਤੇ ਨਰਸ ਆਪਣੇ ਪਰਿਵਾਰ ਤੋਂ ਦੂਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਇਹ ਇਨਫੈਕਸ਼ਨ ਉਨ੍ਹਾਂ ਦੇ ਘਰ 'ਚ ਦਾਖਲ ਨਾ ਹੋ ਜਾਵੇ। ਇਸ ਲਈ ਹਸਪਤਾਲ ਤੋਂ ਛੁੱਟੀ ਤੋਂ ਬਾਅਦ ਕਈ ਸਿਹਤ ਕਰਮਚਾਰੀ ਵੀ ਘਰ ਨਹੀਂ ਆਉਂਦੇ ਹਨ।
ਦੱਸਣਯੋਗ ਹੈ ਕਿ ਕੋਲਾਰ ਇਲਾਕੇ 'ਚ ਸਥਿਤ ਜੇ.ਪੀ. ਹਸਪਤਾਲ 'ਚ ਵੀ ਕੋਰੋਨਾ ਦੇ ਕਈ ਸ਼ੱਕੀਆ ਦਾ ਇਲਾਜ ਚੱਲ ਰਿਹਾ ਹੈ। ਇਸ ਹਸਪਤਾਲ ਦੇ ਡਾਕਟਰ ਸਚਿਨ ਨਾਇਕ ਨੇ ਕਾਰ 'ਚ ਹੀ ਆਪਣਾ ਘਰ ਬਣਾ ਲਿਆ ਹੈ। ਉਨ੍ਹਾਂ ਨੇ ਜਰੂਰਤ ਦੀਆਂ ਸਾਰੀਆਂ ਚੀਜ਼ਾਂ ਕਾਰ 'ਚ ਹੀ ਰੱਖੀਆਂ ਹਨ ਅਤੇ ਪਿਛਲੇ 7 ਦਿਨਾਂ ਤੋਂ ਹੀ ਇੰਝ ਹੀ ਰਹਿ ਰਹੇ ਹਨ।
ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਹੋਇਆ ਡਾ. ਸਚਿਨ ਨਾਇਕ ਨੇ ਕਿਹਾ ਹੈ ਕਿ ਹਸਪਤਾਲ 'ਚ ਹੀ ਉਨ੍ਹਾਂ ਨੇ ਕਾਰ ਨੂੰ ਆਪਣਾ ਘਰ ਬਣਾ ਕੇ ਰੱਖਿਆ ਹੈ। ਘਰ 'ਚ ਹੀ 3 ਸਾਲ ਦਾ ਛੋਟਾ ਬੱਚਾ ਹੈ। ਉਨ੍ਹਾਂ ਸਾਰਿਆਂ ਨੂੰ ਕੋਰੋਨਾ ਇਨਫੈਕਸ਼ਨ ਤੋਂ ਦੂਰ ਰੱਖਣ ਲਈ ਮੈਂ ਕਾਰ 'ਚ ਹੀ ਰਹਿਣਾ ਸ਼ੁਰੂ ਕਰ ਦਿੱਤਾ ਤਾਂ ਕਿ ਸਾਡੇ ਘਰ ਤੱਕ ਕੋਈ ਇਨਫੈਕਸ਼ਨ ਨਾ ਪਹੁੰਚੇ।
ਮੁੱਖ ਮੰਤਰੀ ਸ਼ਿਵਰਾਜ ਨੇ ਕੀਤੀ ਸ਼ਲਾਘਾ- 
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਡਾਕਟਰ ਨਾਇਕ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਟਵੀਟ ਕੀਤਾ ਹੈ," ਤੁਹਾਡੇ ਵਰਗੇ 'ਕੋਵਿਡ-19' ਖਿਲਾਫ ਜੰਗ ਲੜ ਰਹੇ ਯੋਧਿਆਂ ਦਾ ਮੈਂ ਅਤੇ ਪੂਰਾ ਮੱਧ ਪ੍ਰਦੇਸ਼ ਸਵਾਗਤ ਕਰਦੇ ਹਾਂ। ਇਸ ਸੰਕਲਪ ਦੇ ਨਾਲ ਅਸੀਂ ਸਾਰੇ ਲਗਾਤਾਰ ਅੱਗੇ ਵਧਿਏ ਤਾਂ ਜੋ ਇਹ ਮਹਾਂਯੁੱਧ ਨੂੰ ਜਲਦੀ ਜਿੱਤ ਸਕਾਂਗੇ। ਸਚਿਨ ਜੀ, ਤੁਹਾਡੇ ਜਜਬੇ ਨੂੰ ਸਲਾਮ!"

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            