ਸਕੂਲ ਤੋਂ ਸੰਸਦ ਤਕ ਕੋਰੋਨਾ ਦਾ ਖੌਫ, ਮਾਸਕ ਪਹਿਨੇ ਨਜ਼ਰ ਆਏ ਨੇਤਾ ਅਤੇ ਬੱਚੇ
Wednesday, Mar 04, 2020 - 02:31 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਖੌਫ ਭਾਰਤ 'ਚ ਦੇਖਣ ਨੂੰ ਮਿਲ ਰਿਹਾ ਹੈ। ਚੀਨ 'ਚ ਫੈਲਿਆ ਜਾਨਲੇਵਾ ਵਾਇਰਸ ਭਾਰਤ 'ਚ ਪਹੁੰਚਦੇ ਹੀ ਖਲਬਲੀ ਮਚ ਗਈ ਹੈ। ਹੁਣ ਤਕ ਭਾਰਤ 'ਚ 28 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਹਾਲਾਂਕਿ ਪਹਿਲਾਂ ਕੇਰਲ 'ਚ ਕੋਰੋਨਾ ਦੇ 3 ਮਰੀਜ਼ ਸਾਹਮਣੇ ਆਏ ਸਨ, ਜੋ ਕਿ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਬੀਤੇ ਦੋ ਦਿਨਾਂ ਤੋਂ ਭਾਰਤ 'ਚ ਕੋਰੋਨਾ ਨੇ ਮੁੜ ਦਸਤਕ ਦਿੱਤੀ ਹੈ, ਜਿਸ ਕਾਰਨ ਸਕੂਲ ਤੋਂ ਸੰਸਦ ਤਕ ਇਸ ਦਾ ਖੌਫ ਹੈ। ਸੰਸਦ 'ਚ ਨੇਤਾ ਮਾਸਕ ਲਾ ਕੇ ਪਹੁੰਚ ਰਹੇ ਹਨ। ਇੱਥੋਂ ਤਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੋਰੋਨਾ ਵਾਇਰਸ ਦੇ ਚੱਲਦੇ ਹੋਲੀ ਮਿਲਨ ਸਮਾਰੋਹ 'ਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਚੀਨ 'ਚ ਫੈਲਿਆ ਇਹ ਜਾਨਲੇਵਾ ਕੋਰੋਨਾ ਵਾਇਰਸ 70 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਚੁੱਕਾ ਹੈ। ਦੁਨੀਆ ਭਰ 'ਚ 3,123 ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ ਅਤੇ 91,783 ਤੋਂ ਵਧੇਰੇ ਲੋਕਾਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।
ਭਾਰਤ 'ਚ ਕੋਰੋਨਾ ਵਾਇਰਸ ਦੇ ਤਾਜ਼ਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਕੂਲਾਂ 'ਚ ਵਿਦਿਆਰਥੀ ਕਾਫੀ ਸਾਵਧਾਨੀ ਵਰਤ ਰਹੇ ਹਨ। ਮਾਪੇ ਬਕਾਇਦਾ ਆਪਣੇ ਬੱਚਿਆਂ ਨੂੰ ਮਾਸਕ ਪਹਿਨਾ ਕੇ ਸਕੂਲ ਭੇਜ ਰਹੇ ਹਨ। ਗਾਜ਼ੀਆਬਾਦ ਦੇ ਰਾਜਨਗਰ ਦੇ ਸਕੂਲ 'ਚ ਮਾਸਕ ਪਹਿਨ ਕੇ ਸਾਰੇ ਬੱਚੇ ਪੜ੍ਹਾਈ ਕਰ ਰਹੇ ਹਨ।
ਕੋਰੋਨਾ ਦੇ ਡਰ ਤੋਂ ਸੰਸਦ ਮੈਂਬਰ ਨਵਨੀਤ ਰਾਣਾ ਮਾਸਕ ਪਹਿਨ ਕੇ ਸਦਨ ਪਹੁੰਚੀ। ਉਹ ਮਹਾਰਾਸ਼ਟਰ ਤੋਂ ਆਜ਼ਾਦ ਸੰਸਦ ਮੈਂਬਰ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਐੱਨ-95 ਮਾਸਕ ਹਰ ਥਾਂ ਉਪਲੱਬਧ ਹੋਣੇ ਚਾਹੀਦੇ ਹਨ।
ਭਾਜਪਾ ਸੰਸਦ ਮੈਂਬਰ ਕੇ. ਜੇ. ਅਲਫੋਂਸ ਜੇਬ 'ਚ ਸੈਨੇਟਾਈਜ਼ਰ ਲੈ ਕੇ ਸੰਸਦ ਪਹੁੰਚੇ ਸਨ।
ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਦੇ 28 ਮਰੀਜ਼ਾਂ ਦੀ ਪੁਸ਼ਟੀ, ਕੇਂਦਰੀ ਸਿਹਤ ਮੰਤਰੀ ਅਲਰਟ