ਕੋਰੋਨਾ ਦਾ ਖੌਫ : ਨੋਇਡਾ ਦੇ ਇਕ ਸਕੂਲ 'ਚ ਪ੍ਰੀਖਿਆ ਟਲੀ, 2 ਸਕੂਲ ਬੰਦ (ਵੀਡੀਓ)

Tuesday, Mar 03, 2020 - 04:02 PM (IST)

ਨਵੀਂ ਦਿੱਲੀ— ਚੀਨ 'ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਨੇ ਦੁਨੀਆ ਭਰ 'ਚ ਆਪਣੀ ਦਹਿਸ਼ਤ ਫੈਲਾ ਰੱਖੀ ਹੈ। ਇਸ ਵਾਇਰਸ ਨੇ ਕਰੀਬ 70 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਭਾਰਤ 'ਚ ਵੀ ਕੋਰੋਨਾ ਵਾਇਰਸ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਦਿੱਲੀ, ਤੇਲੰਗਾਨਾ ਅਤੇ ਜੈਪੁਰ ਤੋਂ ਹਨ। ਇਸ ਖਤਰਨਾਕ ਵਾਇਰਸ ਨੇ ਹੁਣ ਨੋਇਡਾ 'ਚ ਵੀ ਦਸਤਕ ਦੇ ਦਿੱਤੀ ਹੈ। ਇੱਥੋਂ ਦੇ ਇਕ ਪ੍ਰਾਈਵੇਟ ਸਕੂਲ ਨੂੰ ਮੰਗਲਵਾਰ ਭਾਵ ਅੱਜ ਪ੍ਰੀਖਿਆ ਟਾਲ ਦਿੱਤੀ ਗਈ ਹੈ, ਕਿਉਂਕਿ ਇੱਥੇ ਪੜ੍ਹਨ ਵਾਲੇ ਇਕ ਵਿਦਿਆਰਥੀ ਦੇ ਪਿਤਾ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ। ਸਕੂਲ ਵਲੋਂ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਸਵੇਰੇ ਸੰਦੇਸ਼ ਭੇਜ ਕੇ ਕਿਹਾ ਗਿਆ ਕਿ ਕੋਰੋਨਾ ਦੇ ਖੌਫ ਦੇ ਹਾਲਾਤ ਕਾਰਨ ਪ੍ਰੀਖਿਆ ਟਾਲ ਦਿੱਤੀ ਗਈ ਹੈ, ਹਾਲਾਂਕਿ ਬੋਰਡ ਪ੍ਰੀਖਿਆ ਹੋਵੇਗੀ। ਕੋਰੋਨਾ ਵਾਇਰਸ ਦੇ ਦਿੱਲੀ ਪਹੁੰਚਣ ਤੋਂ ਬਾਅਦ ਨੋਇਡਾ ਦੇ ਦੋ ਸਕੂਲ ਬੰਦ ਕਰ ਦਿੱਤੇ ਗਏ ਹਨ। ਨੋਇਡਾ ਦੇ ਇਕ ਵੱਡੇ ਸਕੂਲ ਨੂੰ ਫਿਲਹਾਲ 3 ਦਿਨ ਲਈ ਬੰਦ ਕਰ ਦਿੱਤਾ ਗਿਆ ਹੈ। ਉੱਥੇ ਹੀ ਦੂਜੇ ਸਕੂਲ ਨੂੰ 11 ਮਾਰਚ ਤਕ ਬੰਦ ਰੱਖਿਆ ਜਾਵੇਗਾ।

ਓਧਰ ਜ਼ਿਲਾ ਮੈਜਿਸਟ੍ਰੇਟ ਬੀ. ਐੱਨ. ਸਿੰਘ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੋਇਡਾ ਦੇ ਮੁੱਖ ਸਿਹਤ ਅਧਿਕਾਰੀ ਦੀ ਅਗਵਾਈ ਵਿਚ ਸਿਹਤ ਵਿਭਾਗ ਦਾ ਇਕ ਦਲ ਸਵੇਰੇ ਕਰੀਬ ਪੌਣੇ 12 ਵਜੇ ਨਿਰੀਖਣ ਲਈ ਸਕੂਲ ਪਹੁੰਚਿਆ। ਸਿਹਤ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਇਸ ਦਰਮਿਆਨ ਪੀੜਤ ਵਿਅਕਤੀ ਦੇ ਪਰਿਵਾਰ ਦੇ ਕੁਝ ਮੈਂਬਰਾਂ 'ਚ ਵੀ ਇਸ ਤਰ੍ਹਾਂ ਦੇ ਲੱਛਣ ਨਜ਼ਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਫਦਰਜੰਗ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਕੁਝ ਹੋਰ ਸਕੇ-ਸਬੰਧੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਘਰ 'ਚ ਹੀ ਵੱਖ ਰਹਿਣ। 

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਲ ਹੀ 'ਚ ਇਟਲੀ ਤੋਂ ਪਰਤੇ ਦਿੱਲੀ ਵਾਸੀ ਵਿਅਕਤੀ 'ਚ ਕੋਰੋਨਾ ਤੋਂ ਪੀੜਤ ਪਾਏ ਗਏ ਸਨ। ਉਨ੍ਹਾਂ ਨੇ ਆਗਰਾ ਵਿਚ 3 ਦਿਨ ਪਹਿਲਾਂ ਇਕ ਪਾਰਟੀ ਦਿੱਤੀ ਸੀ, ਜਿਸ 'ਚ ਨੋਇਡਾ ਦੇ ਇਕ ਸਕੂਲ ਦੇ ਦੋ ਵਿਦਿਆਰਥੀਆਂ ਸਮੇਤ 5 ਲੋਕ ਸ਼ਾਮਲ ਹੋਏ ਸਨ। ਉਕਤ ਵਿਅਕਤੀ ਦੇ ਪੀੜਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੋਣ ਵਾਲੇ ਦੋ ਵਿਦਿਆਰਥੀਆਂ ਸਮੇਤ 5 ਲੋਕਾਂ ਨੂੰ ਗ੍ਰੇਟਰ ਨੋਇਡਾ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ। ਸਿਹਤ ਵਿਭਾਗ ਨੇ ਇਨ੍ਹਾਂ ਸਾਰਿਆਂ ਦੇ ਨਮੂਨੇ ਜਾਂਚ ਲਈ ਨੈਸ਼ਨਲ ਸੈਂਟਰ ਫਾਰ ਡਿਜੀਜ ਕੰਟਰੋਲ ਨੂੰ ਭੇਜ ਦਿੱਤੇ ਹਨ। ਇਨ੍ਹਾਂ ਦੀ ਰਿਪੋਰਟ ਅੱਜ ਸ਼ਾਮ ਤਕ ਆਉਣ ਦੀ ਸੰਭਾਵਨਾ ਹੈ। ਦੋਵੇਂ ਬੱਚੇ ਉਸੇ ਸਕੂਲ ਦੇ ਵਿਦਿਆਰਥੀ ਹਨ, ਜਿੱਥੇ ਸਿਹਤ ਵਿਭਾਗ ਦਾ ਦਲ ਜਾਂਚ ਲਈ ਪੁੱਜਾ ਹੈ। ਮੁੱਖ ਡਾਕਟਰ ਅਧਿਕਾਰੀ ਅਨੁਰਾਗ ਭਾਰਗਵ ਨੇ ਦੱਸਿਆ ਕਿ 5 ਸ਼ੱਕੀ ਮਰੀਜ਼ਾਂ ਨੂੰ ਵੱਖਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਤਕ ਸਾਰੇ ਸ਼ੱਕੀ ਮਰੀਜ਼ਾਂ ਦੀ ਜਾਂਚ ਰਿਪੋਰਟ ਆ ਜਾਵੇਗੀ। ਇਸ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਇਹ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੈ ਜਾਂ ਨਹੀਂ।


author

Tanu

Content Editor

Related News