ਲਾਕਡਾਊਨ ਦੌਰਾਨ ਰਾਸ਼ਨ ਲਈ ਮਜ਼ਦੂਰ ਨੇ ਵੇਚਿਆ ਮੋਬਾਇਲ, ਫਿਰ ਕਰ ਲਈ ਖੁਦਕੁਸ਼ੀ
Saturday, Apr 18, 2020 - 06:27 PM (IST)
ਗੁਰੂਗ੍ਰਾਮ-ਦੇਸ਼ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਸਰਕਾਰ ਨੇ ਇਸ ਕਾਰਨ ਲਾਕਡਾਊਨ 3 ਮਈ ਤੱਕ ਵਧਾ ਦਿੱਤਾ ਹੈ। ਇਸ ਲਾਕਡਾਊਨ ਕਾਰਨ ਮਜ਼ਦੂਰ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੱਸਿਆਵਾਂ 'ਚ ਫਸੇ ਕਈ ਮਜ਼ਦੂਰ ਆਪਣੀ ਜਾਨ ਵੀ ਦੇ ਰਹੇ ਹਨ। ਅਜਿਹਾ ਹੀ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਭੁੱਖ ਤੋਂ ਪਰੇਸ਼ਾਨ ਹੋ ਕੇ ਇਕ ਪ੍ਰਵਾਸੀ ਮਜ਼ਦੂਰ ਨੇ ਖੁਦਕੁਸ਼ੀ ਕਰ ਲਈ ਹੈ।
ਦੱਸਣਯੋਗ ਹੈ ਕਿ ਇਹ ਪ੍ਰਵਾਸੀ ਮਜ਼ਦੂਰ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਗੁਰੂਗ੍ਰਾਮ 'ਚ ਆਪਣੇ ਪਰਿਵਾਰ ਨਾਲ ਡੀ.ਐੱਲ.ਐੱਫ ਫੇਜ-5 ਦੇ ਪਿੱਛੇ ਸਰਸਵਤੀ ਕੁੰਜ 'ਚ ਬਣੀਆਂ ਝੁੱਗੀਆਂ 'ਚ ਰਹਿੰਦਾ ਸੀ। ਗੁਰੂਗ੍ਰਾਮ 'ਚ ਪੇਂਟਿੰਗ ਕਰਦਾ ਸੀ ਪਰ ਲਾਕਡਾਊਨ ਦੇ ਕਾਰਨ ਪਿਛਲੇ ਕੁਝ ਦਿਨਾਂ ਤੋਂ ਮਜ਼ਦੂਰ ਨੂੰ ਕੰਮ ਨਹੀਂ ਮਿਲ ਰਿਹਾ ਸੀ। ਉਸ ਤੋਂ ਬਾਅਦ ਹਾਲਾਤ ਇਹ ਹੋ ਗਏ ਸੀ ਕਿ ਮਜ਼ਦੂਰ ਕੋਲ ਰਾਸ਼ਨ ਲਿਆਉਣ ਲਈ ਵੀ ਪੈਸੇ ਨਹੀਂ ਸੀ। ਮਜ਼ਦੂਰ ਦਾ ਨਾਂ ਛੱਬੂ ਮੰਡਲ ਸੀ।
ਪਿਛਲੇ ਕੁਝ ਦਿਨਾਂ ਤੋਂ ਛੱਬੂ ਮੰਡਲ ਸਰਕਾਰੀ ਖਾਣੇ ਭਰੋਸੇ 'ਤੇ ਆਪਣਾ ਅਤੇ ਪਰਿਵਾਰ ਦਾ ਪੇਟ ਭਰ ਰਿਹਾ ਸੀ ਪਰ ਬੁੱਧਵਾਰ ਤੋਂ ਪਰਿਵਾਰ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਉਨ੍ਹਾਂ ਨੇ ਖਾਣਾ ਨਹੀਂ ਖਾਂਦਾ ਸੀ। ਇਸ ਤੋਂ ਬਾਅਦ ਵੀਰਵਾਰ ਸਵੇਰਸਾਰ ਛੱਬੂ ਨੇ ਆਪਣਾ ਫੋਨ 2500 ਰੁਪਏ 'ਚ ਵੇਚ ਦਿੱਤਾ ਅਤੇ ਜਿਸ ਦੇ ਬਦਲੇ ਰਾਸ਼ਨ ਲੈ ਕੇ ਆਏ ਪਰ ਉਸੇ ਦਿਨ ਸ਼ਾਮ ਨੂੰ ਘਰ ਦੇ ਪਿੱਛੇ ਜਾ ਕੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਛੱਬੂ ਪਿਛਲੇ ਕੁਝ ਦਿਨਾਂ ਤੋਂ ਰਾਸ਼ਨ ਨੂੰ ਲੈ ਕੇ ਪਰੇਸ਼ਾਨ ਸੀ। ਸਾਡੇ ਕੋਲ ਖਾਣ-ਪੀਣ ਦਾ ਸਾਮਾਨ ਨਹੀਂ ਸੀ। ਨਾ ਹੀ ਸਾਡੇ ਕੋਲ ਕਿਸੇ ਤਰ੍ਹਾਂ ਦਾ ਕੋਈ ਕੰਮ ਸੀ। ਇਸ ਤੋਂ ਪਰੇਸ਼ਾਨ ਹੋ ਕੇ ਛੱਬੂ ਨੇ ਖੁਦਕੁਸ਼ੀ ਕਰ ਲਈ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਛੱਬੂ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਸੀ, ਜਿਸ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ ਹੈ।