ਜੰਮੂ-ਕਸ਼ਮੀਰ ''ਚ ਕੋਰੋਨਾ ਨਾਲ ਤਿੰਨ ਹੋਰ ਲੋਕਾਂ ਦੀ ਮੌਤ, ਕੁੱਲ ਗਿਣਤੀ 59 ਹੋਈ
Sunday, Jun 14, 2020 - 10:46 PM (IST)
ਜੰਮੂ— ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ ਨਾਲ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਕੇਂਦਰ ਸ਼ਾਸਤ ਪ੍ਰਦੇਸ਼ 'ਚ ਮਹਾਮਾਰੀ ਨਾਲ ਹੁਣ ਤੱਕ ਕੁੱਲ 59 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ 'ਚ ਇਕ ਵਿਅਕਤੀ ਦੀ ਮੌਤ ਹੋਈ ਤੇ ਕਸ਼ਮੀਰ ਘਾਟੀ 'ਚ 2 ਲੋਕਾਂ ਨੇ ਦਮ ਤੋੜ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਜੰਮੂ-ਸ਼ਹਿਰ ਦੇ ਗਾਂਧੀ ਨਗਰ ਨਿਵਾਸੀ 69 ਸਾਲਾ ਇਕ ਵਿਅਕਤੀ ਨੂੰ ਸਰਕਾਰੀ ਮੈਡੀਕਲ ਕਾਲਜ (ਜੀ. ਐਮ. ਸੀ.) ਹਸਪਤਾਲ 'ਚ 29 ਮਈ ਨੂੰ ਦਾਖਲ ਕਰਵਾਇਆ ਗਿਆ ਸੀ। ਜਾਂਚ 'ਚ ਉਸਦੇ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਸੀ। ਉਹ ਫੇਫੜੇ ਸਬੰਧੀ ਗੰਭੀਰ ਬੀਮਾਰੀ ਨਾਲ ਵੀ ਪੀੜਤ ਸੀ। ਕਸ਼ਮੀਰ ਘਾਟੀ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਿਸ 'ਚੋਂ ਇਕ ਵਿਅਕਤੀ ਦੀ ਮੌਤ ਸ਼ਨੀਵਾਰ ਰਾਤ ਨੂੰ ਹੋਈ ਤੇ ਦੂਜੇ ਵਿਅਕਤੀ ਦੀ ਮੌਤ ਐਤਵਾਰ ਨੂੰ ਹੋਈ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀਨਗਰ ਸ਼ਹਿਰ ਦੇ ਨੌਗਾਮ ਖੇਤਰ ਨਿਵਾਸੀ 60 ਸਾਲਾ ਬਜ਼ੁਰਗ ਨੇ ਸ਼ਨੀਵਾਰ ਰਾਤ ਨੂੰ ਐੱਸ. ਕੇ. ਆਈ. ਐੱਮ. ਐੱਸ. ਹਸਪਤਾਲ 'ਚ ਦਮ ਤੋੜ ਦਿੱਤਾ।
ਉਹ 5 ਜੂਨ ਨੂੰ ਦਾਖਲ ਕਰਵਾਇਆ ਗਿਆ ਸੀ ਤੇ ਉਸ 'ਚ ਵਾਇਰਸ ਦਾ ਕੋਈ ਲੱਛਣ ਨਹੀਂ ਸੀ। ਉਸ ਨੂੰ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਵਾਲੀ ਸੀ। ਉਹ ਪਹਿਲਾਂ ਤੋਂ ਹੀ ਹਾਈ ਬਲੱਡ ਪ੍ਰੈਸ਼ਰ ਤੇ ਗੁਰਦੇ ਦੀ ਬੀਮਾਰੀ ਨਾਲ ਪੀੜਤ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਤਰੀ ਕਸ਼ਮੀਰ ਦੇ ਕੁਪਵਾੜਾ 'ਚ 85 ਸਾਲਾ ਇਕ ਬਜ਼ੁਰਗ ਦੀ ਐਤਵਾਰ ਨੂੰ ਚੇਸਟ ਡਿਸੀਜ ਹਸਪਤਾਲ 'ਚ ਮੌਤ ਹੋ ਗਈ। ਉਸ ਨੂੰ ਗੁਰਦੇ ਦੀ ਬੀਮਾਰੀ ਤੇ ਹੋਰ ਸਰੀਰਕ ਸਮੱਸਿਆਵਾਂ ਸੀ।