ਇੰਦੌਰ: 50 ਫੀਸਦੀ ਕੋਰੋਨਾ ਮਰੀਜ਼ ਕਰ ਰਹੇ ਨੇ ਸੁੰਘਣ ਅਤੇ ਸੁਆਦ ਸਮਰੱਥਾ ਘੱਟਣ ਦੀ ਸ਼ਿਕਾਇਤ

07/28/2020 6:35:25 PM

ਇੰਦੌਰ— ਦੇਸ਼ 'ਚ ਕੋਵਿਡ-19 ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਸ਼ਾਮਲ ਇੰਦੌਰ 'ਚ ਇਸ ਮਹਾਮਾਰੀ ਦੇ ਸਭ ਤੋਂ ਰੁੱਝੇ ਹਸਪਤਾਲ 'ਚ ਇਨ੍ਹੀਂ ਦਿਨੀ ਕਰੀਬ 50 ਫੀਸਦੀ ਨਵੇਂ ਪੀੜਤ ਸੁੰਘਣ ਅਤੇ ਸੁਆਦ ਦੀ ਸਮਰੱਥਾ ਘੱਟ ਹੋਣ ਦੀ ਸ਼ਿਕਾਇਤ ਕਰ ਰਹੇ ਹਨ। ਸ਼੍ਰੀ ਅਰਬਿੰਦੋ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ 'ਚ ਛਾਤੀ ਰੋਗ ਮਹਿਕਮੇ ਦੇ ਮੁਖੀ ਡਾ. ਰਵੀ ਡੋਸੀ ਨੇ ਦੱਸਿਆ ਕਿ ਇਨ੍ਹੀਂ ਦਿਨੀ ਸਾਡੇ ਹਸਪਤਾਲ ਵਿਚ ਕੋਰੋਨਾ ਦਾ ਇਲਾਜ ਕਰਵਾ ਰਹੇ ਲੱਗਭਗ 50 ਫੀਸਦੀ ਨਵੇਂ ਮਰੀਜ਼ਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੁੰਘਣ ਅਤੇ ਸੁਆਦ ਦੀ ਸਮਰੱਥਾ 'ਚ ਕਮੀ ਆਈ ਹੈ। 

ਡੋਸੀ ਨੇ ਦੱਸਿਆ ਕਿ ਮਾਰਚ ਤੋਂ ਜੂਨ ਦਰਮਿਆਨ ਕੋਰੋਨਾ ਦੇ ਇਸ ਲੱਛਣ ਵਾਲੇ ਮਰੀਜ਼ਾਂ ਦੀ ਗਿਣਤੀ ਬੇਹੱਦ ਘੱਟ ਸੀ ਪਰ ਪਿਛਲੇ 20 ਦਿਨਾਂ ਵਿਚ ਅਜਿਹੇ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਜੋ ਕਿ ਸੁੰਘਣ ਅਤੇ ਸੁਆਦ ਘੱਟਣ ਦੀ ਸ਼ਿਕਾਇਤ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਇਸ ਲੱਛਣ ਕਾਰਨ ਮਹਾਮਾਰੀ ਦੀ ਰੋਕਥਾਮ ਵਿਚ ਇਕ ਤਰ੍ਹਾਂ ਨਾਲ ਮਦਦ ਮਿਲ ਰਹੀ ਹੈ। ਡੋਸੀ ਨੇ ਦੱਸਿਆ ਕਿ ਇਹ ਦੇਖਿਆ ਗਿਆ ਹੈ ਕਿ ਮਹਾਮਾਰੀ ਦੇ ਇਲਾਜ ਮਗਰੋਂ ਸਿਹਤਯਾਬ ਹੋਣ ਵਾਲੇ ਲੋਕਾਂ ਵਿਚ ਤਿੰਨ ਹਫ਼ਤਿਆਂ ਦੇ ਅੰਦਰ ਸੁੰਘਣ ਅਤੇ ਸੁਆਦ ਦੀ ਪੁਰਾਣੀ ਸਮਰੱਥਾ ਹੌਲੀ-ਹੌਲੀ ਪਰਤ ਆਉਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਅਜਿਹਾ ਇਕ ਵੀ ਮਾਮਲਾ ਨਹੀਂ ਮਿਲਿਆ ਹੈ, ਜਿਸ ਵਿਚ ਕੋਰੋਨਾ ਤੋਂ ਉੱਭਰੇ ਕਿਸੇ ਵਿਅਕਤੀ ਨੇ ਕਿਹਾ ਹੋਵੇ ਕਿ ਉਸ ਦੀ ਸੁੰਘਣ ਅਤੇ ਸੁਆਦ ਦੀ ਸਮਰੱਥਾ ਹਮੇਸ਼ਾ ਲਈ ਚੱਲੀ ਗਈ ਹੈ। ਜਾਗਰੂਕਤਾ ਵੱਧਣ ਕਾਰਨ ਇਸ ਲੱਛਣ ਵਾਲੇ ਲੋਕ ਖੁਦ ਆ ਕੇ ਆਪਣਾ ਕੋਰੋਨਾ ਦਾ ਇਲਾਜ ਕਰਵਾ ਰਹੇ ਹਨ।


Tanu

Content Editor

Related News