ਦਿੱਲੀ ਹਿੰਸਾ ਤੋਂ ਧਿਆਨ ਹਟਾਉਣ ਲਈ ‘ਕੋਰੋਨਾ-ਕੋਰੋਨਾ’ ਦਾ ਪਾਇਆ ਜਾ ਰਿਹੈ ਰੌਲਾ : ਮਮਤਾ

Thursday, Mar 05, 2020 - 12:27 AM (IST)

ਦਿੱਲੀ ਹਿੰਸਾ ਤੋਂ ਧਿਆਨ ਹਟਾਉਣ ਲਈ ‘ਕੋਰੋਨਾ-ਕੋਰੋਨਾ’ ਦਾ ਪਾਇਆ ਜਾ ਰਿਹੈ ਰੌਲਾ : ਮਮਤਾ

ਬੁਨਿਆਦਪੁਰ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਦੋਸ਼ ਲਾਇਆ ਕਿ ਦਿੱਲੀ ਦੀ ਫਿਰਕੂ ਹਿੰਸਾ ਤੋਂ ਧਿਆਨ ਭਟਕਾਉਣ ਲਈ ਕੁਝ ਲੋਕ ਅਤੇ ਵੱਖ-ਵੱਖ ਚੈਨਲ ਦੇਸ਼ ਵਿਚ ਕੋਰੋਨਾ ਵਾਇਰਸ ਸਬੰਧੀ ਘਬਰਾਹਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਿੱਲੀ ਵਿਚ ਖੁਸ਼ ਅਤੇ ਸਿਹਤਮੰਦ ਲੋਕ ਹਿੰਸਾ ਕਾਰਣ ਮਾਰੇ ਗਏ, ਕੋਰੋਨਾ ਵਾਇਰਸ ਕਾਰਣ ਨਹੀਂ।

ਦੱਖਣੀ ਦਿਨਾਜਪੁਰ ਵਿਖੇ ਤ੍ਰਿਣਮੂਲ ਕਾਂਗਰਸ ਦੀ ਇਕ ਰੈਲੀ ਵਿਚ ਮਮਤਾ ਨੇ ਕਿਹਾ ਕਿ ਅੱਜਕਲ ਕੁਝ ਲੋਕ ਲੋੜ ਤੋਂ ਵੱਧ ਹੀ ‘ਕੋਰੋਨਾ-ਕੋਰੋਨਾ’ ਦਾ ਰੌਲਾ ਪਾ ਰਹੇ ਹਨ। ਇਹ ਇਕ ਖਤਰਨਾਕ ਬੀਮਾਰੀ ਜ਼ਰੂਰ ਹੈ ਪਰ ਇਸ ਕਾਰਣ ਲੋਕਾਂ ਵਿਚ ਦਹਿਸ਼ਤ ਪੈਦਾ ਨਹੀਂ ਕੀਤੀ ਜਾਣੀ ਚਾਹੀਦੀ। ਕੁਝ ਟੀ. ਵੀ. ਚੈਨਲ ਤਾਂ ਦਿੱਲੀ ਦੀ ਹਿੰਸਾ ਨੂੰ ਦਬਾਉਣ ਲਈ ਕੋਰੋਨਾ ਵਾਇਰਸ ਦਾ ਪ੍ਰਚਾਰ ਵਧੇਰੇ ਕਰ ਰਹੇ ਹਨ। ਅਸੀਂ ਇਹ ਗੱਲ ਨਹੀਂ ਚਾਹੁੰਦੇ ਕਿ ਉਕਤ ਬੀਮਾਰੀ ਫੈਲੇ ਪਰ ਇਹ ਜ਼ਰੂਰ ਚਾਹੁੰਦੇ ਹਾਂ ਕਿ ਲੋਕਾਂ ਵਿਚ ਦਹਿਸ਼ਤ ਨਹੀ ਫੈਲਣੀ ਚਾਹੀਦੀ। ਭਾਜਪਾ ਜਾਂ ਕੇਂਦਰ ਦਾ ਨਾਂ ਲਏ ਬਿਨਾਂ ਤ੍ਰਿਣਮੂਲ ਮੁਖੀ ਨੇ ਕਿਹਾ ਕਿ ਕੌਮੀ ਰਾਜਧਾਨੀ ਵਿਚ ਹਿੰਸਾ ਪਿੱਛੋਂ ਵਿਅਕਤੀ ਲਾਪਤਾ ਹੋ ਗਏ। ਨਾਲਿਆਂ ਵਿਚੋਂ ਅਜੇ ਵੀ ਲਾਸ਼ਾਂ ਮਿਲ ਰਹੀਆਂ ਹਨ।

ਕਦੇ ਨਹੀਂ ਕਿਹਾ ਕਿ ਜੋ ਬੰਗਲਾਦੇਸ਼ੀ ਆਏ ਹਨ, ਉਹ ਭਾਰਤੀ ਨਾਗਰਿਕ ਹਨ

ਮਮਤਾ ਨੇ ਕਿਹਾ ਕਿ ਭਾਰਤ ਵਿਚ ਰਹਿੰਦੇ ਬੰਗਲਾਦੇਸ਼ੀ ਲੋਕਾਂ ਦੀ ਨਾਗਰਿਕਤਾ ਦੇ ਮੁੱਦੇ ’ਤੇ ਮੀਡੀਆ ਨੇ ਮੇਰੀ ਗੱਲ ਨੂੰ ਗਲਤ ਢੰਗ ਨਾਲ ਪੇਸ਼ ਕੀਤਾ। ਮੈਂ ਇਹ ਗੱਲ ਕਦੇ ਵੀ ਨਹੀਂ ਕਹੀ ਕਿ ਜਿਹੜੇ ਬੰਗਲਾਦੇਸ਼ੀ ਦੇਸ਼ ਵਿਚ ਆਏ ਹੋਏ ਹਨ, ਉਹ ਭਾਰਤੀ ਨਾਗਰਿਕ ਹਨ। ਵੰਡ ਦੌਰਾਨ ਪਾਕਿਸਤਾਨ ਤੋਂ ਵੱਡੀ ਿਗਣਤੀ ਵਿਚ ਲੋਕ ਭਾਰਤ ਵਿਚ ਆਏ ਅਤੇ ਪੰਜਾਬ, ਗੁਜਰਾਤ ਅਤੇ ਦਿੱਲੀ ਵਿਚ ਰਹਿਣ ਲੱਗੇ। ਕੁਝ ਲੋਕ ਬੰਗਲਾਦੇਸ਼ (ਸਾਬਕਾ ਪੂਰਬੀ ਪਾਕਿਸਤਾਨ) ਤੋਂ ਵੀ ਭਾਰਤ ਆਏ ਅਤੇ ਬੰਗਾਲ ਵਿਚ ਆ ਕੇ ਰਹਿਣ ਲੱਗ ਪਏ। ਉਨ੍ਹਾਂ ਦੇ ਆਉਣ ਪਿੱਛੋਂ ਪੰਡਿਤ ਜਵਾਹਰ ਲਾਲ ਨਹਿਰੂ-ਲਿਆਕਤ ਦਰਮਿਆਨ ਇਕ ਸਮਝੌਤੇ ’ਤੇ ਹਸਤਾਖਰ ਹੋਏ। ਇਸ ਅਧੀਨ ਪਾਕਿਸਤਾਨ ਤੋਂ ਆਉਣ ਵਾਲੇ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਪ੍ਰਦਾਨ ਕੀਤੀ ਗਈ। 1971 ਵਿਚ ਬੰਗਲਾਦੇਸ਼ ਮੁਕਤੀ ਸੰਗ੍ਰਾਮ ਦੌਰਾਨ ਇੰਦਰਾ ਗਾਂਧੀ ਅਤੇ ਸ਼ੇਖ ਮੁਜੀਬ ਉਰ ਰਹਿਮਾਨ ਦਰਮਿਆਨ ਇਕ ਸੰਧੀ ਹੋਈ, ਜਿਸ ਅਧੀਨ ਬੰਗਲਾਦੇਸ਼ ਤੋਂ ਆਏ ਹੋਏ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਗਈ। ਮੈਂ ਉਨ੍ਹਾਂ ਸਬੰਧੀ ਹੀ ਗੱਲ ਕਰ ਰਹੀ ਸੀ।


author

Inder Prajapati

Content Editor

Related News