ਕੋਵਿਡ-19: ਚੁਣਾਵੀ ਰਾਜਾਂ ’ਚ ਵੀ ਵਧ ਰਿਹਾ ਕੋਰੋਨਾ ਦਾ ਖ਼ਤਰਾ, ਜਾਣੋ ਪੱਛਮੀ ਬੰਗਾਲ ਤੇ ਕੇਰਲ ਦੇ ਹਾਲਾਤ

03/19/2021 4:38:11 PM

ਨੈਸ਼ਨਲ ਡੈਸਕ– ਦੇਸ਼ ਦੇ ਕਈ ਰਾਜਾਂ ’ਚ ਕੋਰੋਨਾ ਦੇ ਮਾਮਲੇ ਮੁੜ ਵਧਣ ਲੱਗੇ ਹਨ। ਅਜਿਹੇ ’ਚ 27 ਮਾਰਚ ਤੋਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾ ਵੀ ਸ਼ੁਰੂ ਹੋ ਜਾਣਗੀਆਂ। ਚੋਣ ਪ੍ਰਚਾਰ ਦੌਰਾਨ ਇਨ੍ਹਾਂ ਰਾਜਾਂ ’ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਇਕ ਪਾਸੇ ਜਿੱਥੇ ਅਸਾਮ, ਪੁਡੁਚੇਰੀ ’ਚ ਮਾਮਲੇ ਅਜੇ ਘੱਟ ਹਨ ਉਥੇ ਹੀ ਦੂਜੇ ਪਾਸੇ ਵੱਡੇ ਰਾਜ ਪੱਛਮੀ ਬੰਗਾਲ, ਤਮਿਲਨਾਡੂ ਅਤੇ ਕੇਰਲ ’ਚ ਕੋਰੋਨਾ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਵੇਖਿਆ ਜਾ ਰਿਹਾ ਹੈ। 

ਪੱਛਮੀ ਬੰਗਾਲ
ਰਾਜ ’ਚ ਜਦੋਂ ਤੋਂ ਚੋਣਾਂ ਦਾ ਐਲਾਨ ਹੋਇਆ ਹੈ ਉਦੋਂ ਤੋਂ ਕੋਰੋਨਾ ਮਾਮਲਿਆਂ ’ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। 26 ਫਰਵਰੀ ਤਕ ਰਾਜ ’ਚ ਹਰ ਦਿਨ 200 ਤੋਂ ਘੱਟ ਮਾਮਲੇ ਆ ਰਹੇ ਸਨ ਪਰ 18 ਮਾਰਚ ਨੂੰ 300 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ’ਚ ਹੁਣ ਤਕ ਕੁੱਲ 5.79 ਲੱਖ ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ’ਚ ਆਜੇ ਵੀ ਤਿੰਨ ਹਜ਼ਾਰ ਤੋਂ ਜ਼ਿਆਦਾ ਸਰਗਰਮ ਕੇਸ ਹਨ ਜਦਕਿ 5.65 ਲੱਖ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਰਾਜ ’ਚ 10298 ਲੋਕਾਂ ਦੀ ਕੋਰੋਨਾ ਨਾਲ ਮੌਤ ਵੀ ਹੋ ਚੁੱਕੀ ਹੈ। ਹੁਣ ਤਕ 88.75 ਲੱਖ ਲੋਕ ਕੋਰੋਨਾ ਦੀ ਜਾਂਚ ਕਰਵਾ ਚੁੱਕੇ ਹਨ। ਉਥੇ ਹੀ 30.17 ਲੱਖ ਲੋਕ ਕੋਰੋਨਾ ਦਾ ਟੀਕਾ ਵੀ ਲਗਵਾ ਚੁੱਕੇ ਹਨ। 

ਕੇਰਲ
ਰਾਜ ’ਚ ਵੀ ਕੋਰੋਨਾ ਪੀੜਤ ਬਹੁਤ ਹੀ ਤੇਜ਼ੀ ਨਾਲ ਫੈਲ ਰਿਹਾ ਹੈ। ਕੇਰਲ ’ਚ ਹਾਲ ਦੇ ਹਫ਼ਤਿਆਂ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਉਛਾਲ ਵੇਖਿਆ ਗਿਆ ਹੈ। ਰਾਜ ’ਚ 18 ਮਾਰਚ ਨੂੰ 377 ਨਵੇਂ ਮਾਮਲੇ ਸਾਹਮਣੇ ਆਏ। ਕੇਰਲ ’ਚ ਹੁਣ ਤਕ 10.96 ਲੱਖ ਕੇਸ ਆ ਚੁੱਕੇ ਹਨ। 25397 ਕੇਸ ਅਜੇ ਵੀ ਸਰਗਰਮ ਹਨ। ਕੋਰੋਨਾ ਤੋਂ ਹੁਣ ਤਕ 10.66 ਲੱਖ ਲੋਕ ਠੀਕ ਵੀ ਹੋ ਚੁੱਕੇ ਹਨ। 4436 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਵੀ ਹੋ ਚੁੱਕੀ ਹੈ। ਹੁਣ ਤਕ 1.24 ਲੱਖ ਲੋਕ ਕੋਰੋਨਾ ਦੀ ਜਾਂਚ ਕਰਵਾ ਚੁੱਕੇ ਹਨ ਜਦਕਿ 18.91 ਲੱਖ ਲੋਕ ਕੋਰੋਨਾ ਵੈਕਸੀਨ ਲਗਵਾ ਚੁੱਕੇ ਹਨ। 

ਤਮਿਲਨਾਡੂ
ਚੋਣਾਂ ਦੀਆਂ ਤਾਰੀਖ਼ਾਂ ਦੇ ਐਲਾਨ ਤੋਂ ਬਾਅਦ ਤਮਿਲਨਾਡੂ ’ਚ ਵੀ ਕੋਰੋਨਾ ਦਾ ਕਹਿਰ ਵਧ ਰਿਹਾ ਹੈ। 26 ਫਰਵਰੀ ਤਕ ਰਾਜ ’ਚ ਕਰੀਬ ਹਰ ਦਿਨ 500 ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆ ਰਹੇ ਸਨ। ਰਾਜ ’ਚ 18 ਮਾਰਚ ਨੂੰ 900 ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ਤਮਿਲਨਾਡੂ ’ਚ ਹੁਣ ਤਕ 8.62 ਲੱਖ ਕੇਸ ਆ ਚੁੱਕੇ ਹਨ। ਇਨ੍ਹਾਂ ’ਚ 5811 ਸਰਗਰਮ ਕੇਸ ਹਨ। ਉਥੇ ਹੀ 8.43 ਲੱਖ ਲੋਕ ਠੀਕ ਹੋ ਚੁੱਕੇ ਹਨ ਜਦਕਿ 12564 ਲੋਕਾਂ ਦੀ ਕੋਰੋਨਾ ਨਾਲ ਮੌਤ ਵੀ ਹੋ ਚੁੱਕੀ ਹੈ। 1.85 ਕਰੋੜ ਲੋਕ ਕੋਰੋਨਾ ਦੀ ਜਾਂਚ ਕਰਵਾ ਚੁੱਕੇ ਹਨ। ਉਥੇ ਹੀ 17.18 ਲੱਖ ਲੋਕ ਕੋਰੋਨਾ ਦੀ ਵੈਕਸੀਨ ਲਗਵਾ ਚੁੱਕੇ ਹਨ। 

ਅਸਾਮ
ਅਸਾਮ ’ਚ ਵੀ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਵੇਖਿਆ ਗਿਆ ਹੈ। ਅਸਾਮ ’ਚ ਹੁਣ ਤਕ 2.17 ਲੱਖ ਮਾਮਲੇ ਆ ਚੁੱਕੇ ਹਨ। ਹੁਣ ਤਕ 2.15 ਲੱਖ ਲੋਕ ਠੀਕ ਵੀ ਹੋ ਚੁੱਕੇ ਹਨ। 18 ਮਾਰਚ ਨੂੰ 200 ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ਰਾਜ ’ਚ 1099 ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ 70.62 ਲੱਖ ਲੋਕਾਂ ਨੇ ਕੋਰੋਨਾ ਦਾ ਟੈਸਟ ਕਰਵਾਇਆ ਹੈ। ਹੁਣ ਤਕ 5.90 ਲੱਖਲੋਕ ਕੋਰੋਨਾ ਵੈਕਸੀਨ ਲਗਵਾ ਚੁੱਕੇ ਹਨ। 

ਪੁਡੁਚੇਰੀ
ਪੁਡੁਚੇਰੀ ’ਚ ਚੋਣਾਂ ਦੇ ਐਲਾਨ ਸਮੇਂ ਰੋਜ਼ਾਨਾ ਕੋਰੋਨਾ ਦੇ 20 ਤੋਂ 25 ਨਵੇਂ ਮਾਮਲੇ ਸਾਹਮਣੇ ਆ ਰਹੇ ਸਨ। 18 ਮਾਰਚ ਨੂੰ 35 ਨਵੇਂ ਮਾਮਲੇ ਸਾਹਮਣੇ ਆਏ। ਪ੍ਰਦੇਸ਼ ’ਚ ਹੁਣ ਤਕ 40 ਹਜ਼ਾਰ, 201 ਕੋਰੋਨਾ ਕੇਸ ਆ ਚੁੱਕੇ ਹਨ। ਇਨ੍ਹਾਂ ’ਚੋਂ 276 ਮਾਮਲੇ ਅਜੇ ਵੀ  ਸਰਗਰਮ ਹਨ। 674 ਲੋਕਾਂ ਦੀ ਕੋਰੋਨਾ ਨਾਲ ਮੌਤ ਵੀ ਹੋ ਚੁੱਕੀ ਹੈ। ਉਥੇ ਹੀ 6.51 ਲੱਖ ਲੋਕ ਕੋਰੋਨਾ ਦੀ ਜਾਂਚ ਕਰਵਾ ਚੁੱਕੇ ਹਨ ਜਦਕਿ 37674 ਲੋਕ ਕੋਰੋਨਾ ਦਾ ਟੀਕਾ ਵੀ ਲਗਵਾ ਚੁੱਕੇ ਹਨ। 


Rakesh

Content Editor

Related News