ਕੋਰੋਨਾ ਦਾ ਕਹਿਰ : NIA ਦਫਤਰ ''ਚ ASI ਤੇ ਉਸਦੀ ਬੇਟੀ ਪਾਜ਼ੀਟਿਵ
Saturday, Apr 25, 2020 - 01:25 AM (IST)
ਮੁੰਬਈ— ਕੋਰੋਨਾ ਦਾ ਕਹਿਰ ਪੂਰੀ ਦੁਨੀਆ 'ਚ ਫੈਲ ਚੁੱਕਿਆ ਹੈ। ਕੋਰੋਨਾ ਵਾਇਰਸ ਨੂੰ ਰੋਕਣ ਲਈ ਦੇਸ਼ ਭਰ 'ਚ 3 ਮਈ ਤਕ ਲਾਕਡਾਊਨ ਲਾਗੂ ਹੈ। ਇਸ ਵਿਚ ਮੁੰਬਈ ਤੋਂ ਜਾਣਕਾਰੀ ਆਈ ਹੈ ਕਿ ਐੱਨ. ਆਈ. ਏ. ਦੇ ਮੁੰਬਈ ਦਫਤਰ 'ਚ ਕੰਮ ਕਰਨ ਵਾਲੇ ਇਕ ਏ. ਐੱਸ. ਆਈ. ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਸ ਦੇ ਨਾਲ ਹੀ ਉਸਦੀ ਬੇਟੀ 'ਚ ਵੀ ਕੋਰੋਨਾ ਦੇ ਲੱਛਣ ਮਿਲੇ ਹਨ। ਦਫਤਰ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦੂਜੇ ਕਰਮਚਾਰੀਆਂ ਨੂੰ ਹੋਮ ਕੁਆਰੰਟੀਨ 'ਚ ਭੇਜਿਆ ਗਿਆ ਹੈ। ਐੱਨ. ਆਈ. ਏ. ਦੇ ਬੁਲਾਰੇ ਨੇ ਕਿਹਾ ਕਿ ਬ੍ਰਾਂਚ ਨੂੰ ਸੀਲ ਨਹੀਂ ਕੀਤਾ ਗਿਆ ਹੈ। ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸੀ ਕਿ ਬਰਾਂਚ ਨੂੰ ਸੀਲ ਕਰ ਦਿੱਤਾ ਗਿਆ ਹੈ ਪਰ ਹੁਣ ਐੱਨ. ਆਈ. ਏ. ਵਲੋਂ ਇਸ ਦਾ ਖੰਡਨ ਕਰ ਦਿੱਤਾ ਗਿਆ ਹੈ।
ਮੁੰਬਈ 'ਚ ਪਿਛਲੇ 24 ਘੰਟਿਆਂ 'ਚ 242 ਨਵੇਂ ਮਾਮਲੇ
ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 394 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਸੂਬੇ 'ਚ ਕੋਰੋਨਾ ਨਾਲ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ 'ਚ ਹੁਣ ਤਕ ਇਸ ਵਾਇਰਸ ਦੀ ਵਜ੍ਹਾ ਨਾਲ 301 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਹਾਰਾਸ਼ਟਰ 'ਚ ਕੋਰੋਨਾ ਦੇ ਕੁੱਲ ਪਾਜ਼ੀਟਿਵ ਕੇਸ 6817 ਹਨ, ਜਦਕਿ ਮੁੰਬਈ ਤੋਂ ਹੀ ਸਿਰਫ 4447 ਮਰੀਜ਼ ਹੋ ਚੁੱਕੇ ਹਨ। ਮੁੰਬਈ 'ਚ ਕੋਰੋਨਾ ਨਾਲ ਹੁਣ ਤਕ 178 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੁੰਬਈ 'ਚ ਪਿਛਲੇ 24 ਘੰਟਿਆਂ 'ਚ 11 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਸ ਦੌਰਾਨ ਮੁੰਬਈ ਤੋਂ 242 ਮਾਮਲੇ ਸਾਹਮਣੇ ਆਏ ਹਨ।