ਅਪ੍ਰੈਲ ਦੇ ਅੰਤ ਤੱਕ ਸਿਖਰ ’ਤੇ ਪਹੁੰਚ ਸਕਦਾ ਹੈ ਕੋਰੋਨਾ ਦਾ ਕਹਿਰ!

04/04/2020 3:24:15 AM

ਨਵੀਂ ਦਿੱਲੀ — ਤਬਲੀਗੀ ਜਮਾਤ ਦੀਆਂ ਕਰਤੂਤਾਂ ਕਾਰਣ ਕੋਰੋਨਾ ਦਾ ਕਹਿਰ ਲੰਬਾ ਖਿੱਚ ਸਕਦਾ ਹੈ। ਭਾਰਤ ਵਿਚ ਇਸਦਾ ਪੀਕ ਹੁਣ ਅਪ੍ਰੈਲ ਦੇ ਅਖੀਰਲੇ ਹਫਤੇ ਜਾਂ ਮਈ ਦੇ ਪਹਿਲੇ ਹਫਤੇ ਦੇਖਣ ਨੂੰ ਮਿਲ ਸਕਦਾ ਹੈ। ਸਰਕਾਰ ਦੀ ਮੰਨੀਏ ਤਾਂ ਕੋਰੋਨਾ ਖਿਲਾਫ ਲੜਾਈ ’ਤੇ ਕਾਫੀ ਹੱਦ ਤੱਕ ਸਫਲਤਾ ਮਿਲ ਰਹੀ ਹੈ ਪਰ ਤਬਲੀਗੀ ਜਮਾਤ ਨੇ ਸਾਰੀ ਮਿਹਨਤ ’ਤੇ ਪਾਣੀ ਫੇਰ ਦਿੱਤਾ। ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਬੀਤੇ ਦੋ ਦਿਨਾਂ ਵਿਚ ਤਬਲੀਗੀ ਜਮਾਤ ਨਾਲ ਜੁੜੇ ਕੋਰੋਨਾ ਦੇ 647 ਮਰੀਜ਼ ਸਾਹਮਣੇ ਆਏ ਹਨ। ਤਬਲੀਗੀ ਜਮਾਤ ਕਾਰਣ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧੇ ਦਾ ਹਵਾਲਾ ਦਿੰਦੇ ਹੋਏ ਆਈ. ਸੀ. ਐੱਮ. ਆਰ. ਦੇ ਸੀਨੀਅਰ ਵਿਗਿਆਨੀ ਨੇ ਸ਼ੰਕਾ ਪ੍ਰਗਟਾਈ ਕਿ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਹੋਰ ਤੇਜ਼ੀ ਨਾਲ ਵਧ ਸਕਦੀ ਹੈ। ਇਸ ਦੇ ਸਿਖਰ ’ਤੇ ਪਹੁੰਚਣ ਦੇ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਹ ਅਪ੍ਰੈਲ ਦੇ ਅੰਤ ਜਾਂ ਮਈ ਵਿਚ ਦੇਖਣ ਨੂੰ ਮਿਲ ਸਕਦਾ ਹੈ ਮਤਲਬ ਉਸ ਤੋਂ ਬਾਅਦ ਹੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਆਉਣੀ ਸ਼ੁਰੂ ਹੋਵੇਗੀ। ਉਨ੍ਹਾਂ ਅਨੁਸਾਰ ਅਗਲਾ ਇਕ ਹਫਤਾ ਭਾਰਤ ਲਈ ਅਹਿਮ ਸਾਬਿਤ ਹੋਵੇਗਾ। ਉਸ ਤੋਂ ਬਾਅਦ ਹੀ ਸਥਿਤੀ ਸਾਫ ਹੋ ਸਕੇਗੀ। ਉਨ੍ਹਾਂ ਕਿਹਾ ਕਿ ਅਗਲੇ ਹਫਤੇ ਵਿਚ ਇਹ ਪਤਾ ਚਲੇਗਾ ਕਿ ਤਬਲੀਗੀ ਜਮਾਤ ਦੇ ਲੋਕ ਆਪਣੇ ਸੰਪਰਕ ਵਿਚ ਆਉਣ ਵਾਲੇ ਕਿੰਨੇ ਲੋਕਾਂ ਤੱਕ ਇਸ ਵਾਇਰਸ ਨੂੰ ਪਹੁੰਚਾ ਚੁੱਕੇ ਹਨ। ਇਸ ਦੇ ਆਧਾਰ ’ਤੇ ਤੈਅ ਹੋਵੇਗਾ ਕਿ ਇਹ ਚੇਨ ਅੱਗੇ ਕਿਥੋਂ ਤੱਕ ਜਾਵੇਗੀ।

ਇਸ ਤੋਂ ਇਲਾਵਾ ਸਿਹਤ ਮੰਤਰਾਲਾ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਦਾ ਕਹਿਣਾ ਹੈ ਕਿ ਪਿਛਲੇ ਦੋ ਦਿਨਾਂ ਵਿਚ ਤਬਲੀਗੀ ਜਮਾਤ ਦੇ ਮੈਂਬਰਾਂ ਦੀ ਵਜ੍ਹਾ ਨਾਲ 14 ਸੂਬਿਆਂ ਵਿਚ ਕੋਰੋਨਾ ਦੇ 647 ਮਰੀਜ਼ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿਚ ਹੋਈਆਂ 12 ਮੌਤਾਂ ਵਿਚੋਂ ਕਈ ਤਬਲੀਗੀ ਜਮਾਤ ਨਾਲ ਜੁੜੀਆਂ ਹੋਈਆਂ ਹਨ। ਪਿਛਲੇ 24 ਘੰਟਿਆਂ ਵਿਚ 8000 ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ, ਹਾਲਾਂਕਿ ਸੂਬਿਆਂ ਵਿਚ ਇਨਫੈਕਸ਼ਨ ਦੇ 500 ਤੋਂ ਵੱਧ ਮਾਮਲੇ ਸਾਹਮਣੇ ਆਉਣ ਨਾਲ ਪੀੜਤ ਲੋਕਾਂ ਦੀ ਗਿਣਤੀ 3,000 ਪਾਰ ਕਰ ਗਈ ਹੈ ਅਤੇ ਘੱਟ ਤੋਂ ਘੱਟ 90 ਲੋਕਾਂ ਦੀ ਮੌਤ ਹੋ ਗਈ ਹੈ। ਮਹਾਰਾਸ਼ਟਰ, ਤੇਲੰਗਾਨਾ ਅਤੇ ਦਿੱਲੀ ਵਿਚ ਕੋਰੋੋਨਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਸਰਕਾਰੀ ਅਧਿਕਾਰੀ ਨੇ ਕਿਹਾ ਕਿ ਤਬਲੀਗੀ ਜਮਾਤ ਦੇ ਪ੍ਰੋਗਰਾਮ ਨਾਲ ਜੁੜੇ ਮਾਮਲਿਆਂ ਕਾਰਣ ਇਹ ਗਿਣਤੀ ਵਧੀ ਹੈ, ਜਿਸ ਵਿਚ ਹਜ਼ਾਰਾਂ ਲੋਕ ਪਿਛਲੇ ਮਹੀਨੇ ਰਾਜਧਾਨੀ ਵਿਚ ਇਕੱਠੇ ਹੋਏ ਸਨ।

ਸੂਬਿਆਂ ਨੂੰ 11,092 ਕਰੋੜ ਰੁਪਏ ਦੇਵੇਗਾ ਕੇਂਦਰ

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੱਖਰੇ ਸਥਾਨ ਸਥਾਪਿਤ ਕਰਨ ਅਤੇ ਹੋਰ ਵਿਵਸਥਾਵਾਂ ਲਈ ਕੇਂਦਰੀ ਗ੍ਰਹਿ ਮੰਤਰੀ ਨੇ ਸਾਰੇ ਸੂਬਿਆਂ ਨੂੰ 11,092 ਕਰੋੜ ਰੁਪਏ ਦੀ ਰਕਮ ਦੇਣ ਦੀ ਮਨਜ਼ੂਰੀ ਪ੍ਰਦਾਨ ਕੀਤੀ ਹੈ।

ਤਬਲੀਗੀ ਮਰਕਜ਼ ਨਾਲ ਕੋਸ਼ਿਸ਼ਾਂ ਨੂੰ ਧੱਕਾ : ਕੋਵਿੰਦ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਨੰਦ ਵਿਹਾਰ ਵਿਚ ਮਜ਼ਦੂਰਾਂ ਦੇ ਇਕੱਠ ਅਤੇ ਨਿਜ਼ਾਮੂਦੀਨ ਮਰਕਜ਼ ਵਿਚ ਤਬਲੀਗੀ ਜਮਾਤ ਦੇ ਲੋਕਾਂ ਦੇ ਸ਼ਾਮਲ ਹੋਣ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੋਵੇਂ ਘਟਨਾਵਾਂ ਨੇ ਕੋਰੋਨਾ ਵਾਇਰਸ ਖਿਲਾਫ ਸਾਡੀਆਂ ਕੋਸ਼ਿਸ਼ਾਂ ਨੂੰ ਧੱਕਾ ਪਹੁੰਚਾਇਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਲਾਕਡਾਊਨ ਦੌਰਾਨ ਕੋਈ ਭੁੱਖਾ ਨਾ ਰਹੇ ਅਤੇ ਵਾਇਰਸ ਨੂੰ ਫੈਲਣ ਤੋਂ ਵੀ ਰੋਕਿਆ ਜਾਣਾ ਚਾਹੀਦਾ ਹੈ।


Inder Prajapati

Content Editor

Related News