ਹੁਣ ਪੋਲਟਰੀ ਮਲ-ਮੂਤਰ ਨਾਲ ਵੀ ਪਕਾ ਸਕੋਗੇ ਖਾਣਾ
Monday, Oct 23, 2017 - 01:31 AM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਵਿਗਿਆਨੀਆਂ ਨੇ ਦੇਸ਼ 'ਚ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ, ਜਿਸ ਨਾਲ ਪੋਲਟਰੀ ਖੇਤਰ ਦੇ ਪੰਛੀਆਂ ਦੇ ਮਲ-ਮੂਤਰ ਤੋਂ ਬਾਇਓਗੈਸ ਤਿਆਰ ਕਰ ਕੇ ਇਸ ਦੀ ਵਰਤੋਂ ਗੋਬਰ ਗੈਸ ਵਾਂਗ ਕੀਤੀ ਜਾ ਸਕਦੀ ਹੈ। ਯਾਨੀ ਹੁਣ ਤੁਸੀਂ ਪੋਲਟਰੀ ਮਲ-ਮੂਤਰ ਨਾਲ ਵੀ ਖਾਣਾ ਪਕਾ ਸਕੋਗੇ। ਇਸ ਤਕਨੀਕ ਦੇ ਵਿਕਾਸ ਨਾਲ ਨਾ ਸਿਰਫ ਸਵੱਛਤਾ ਨੂੰ ਹੱਲਾਸ਼ੇਰੀ ਮਿਲੇਗੀ, ਸਗੋਂ ਪੋਲਟਰੀ ਉਦਯੋਗ ਚਲਾਉਣ ਵਾਲੇ ਕਿਸਾਨ ਵਾਧੂ ਕਮਾਈ ਕਰ ਸਕਣਗੇ। ਇਸ ਨਾਲ ਜਿੱਥੇ ਜੈਵਿਕ ਖੇਤੀ (ਆਰਗੈਨਿਕ ਫਾਰਮਿੰਗ) ਨੂੰ ਉਤਸ਼ਾਹ ਮਿਲੇਗਾ, ਉੱਥੇ ਹੀ ਪੋਲਟਰੀ ਮਲ-ਮੂਤਰ ਤੋਂ ਹੋਣ ਵਾਲੇ ਪ੍ਰਦੂਸ਼ਣ 'ਤੇ ਰੋਕ ਲੱਗ ਸਕੇਗੀ ਅਤੇ ਮਨੁੱਖੀ ਸਿਹਤ 'ਤੇ ਬੁਰਾ ਅਸਰ ਨਹੀਂ ਹੋਵੇਗਾ। ਭਾਰਤੀ ਖੇਤੀਬਾੜੀ ਖੋਜ ਕੌਂਸਲ ਦੇ ਕੇਂਦਰੀ ਪੰਛੀ ਖੋਜ ਸੰਸਥਾਨ ਇੱਜ਼ਤ ਨਗਰ, ਬਰੇਲੀ ਦੇ ਵਿਗਿਆਨੀਆਂ ਨੇ ਡੂੰਘੀ ਖੋਜ ਤੋਂ ਬਾਅਦ ਇਸ ਤਕਨੀਕ ਦਾ ਵਿਕਾਸ ਕੀਤਾ ਹੈ ਜਿਸ ਨਾਲ ਹਰ ਮੌਸਮ 'ਚ ਖਾਸ ਤੌਰ 'ਤੇ ਪੋਲਟਰੀ ਦੇ ਪੰਛੀਆਂ ਦੇ ਮਲ-ਮੂਤਰ ਤੋਂ ਬਾਇਓਗੈਸ ਤਿਆਰ ਕੀਤੀ ਜਾ ਸਕੇਗੀ।
ਇਸ ਤੋਂ 60.02 ਫ਼ੀਸਦੀ ਮੀਥੇਨ ਗੈਸ ਨਿਕਲਦੀ ਹੈ, ਜੋ ਖਾਣਾ ਪਕਾਉਣ ਦੇ ਐੱਲ. ਪੀ. ਜੀ. ਗੈਸ ਵਾਂਗ ਬਲਦੀ ਹੈ। ਮੀਥੇਨ ਗੈਸ ਵਾਤਾਵਰਣ ਲਈ ਬਹੁਤ ਨੁਕਸਾਨਦਾਇਕ ਹੈ। ਸੰਸਥਾਨ ਦੇ ਵਿਗਿਆਨੀਆਂ ਅਨੁਸਾਰ ਸਰਦੀ ਅਤੇ ਗਰਮੀ ਦੇ ਮੌਸਮ 'ਚ 12-13 ਕਿਲੋ ਤੋਂ 19-20 ਕਿਲੋ ਤੱਕ ਪੋਲਟਰੀ ਮਲ-ਮੂਤਰ ਤੋਂ ਇਕ ਘਣਮੀਟਰ ਬਾਇਓ ਗੈਸ ਤਿਆਰ ਕੀਤੀ ਜਾਂਦੀ ਹੈ। ਇਸ ਗੈਸ ਨਾਲ ਚਾਰ-ਪੰਜ ਲੋਕਾਂ ਦੇ ਪਰਿਵਾਰ ਲਈ ਰੋਜ਼ਾਨਾ ਤਿੰਨ ਸਮੇਂ ਦਾ ਖਾਣਾ ਅਤੇ ਨਾਸ਼ਤਾ ਤਿਆਰ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਤਾਪਮਾਨ ਘੱਟ ਹੋਣ 'ਤੇ ਇਸ ਦੀ ਵਰਤੋਂ ਪੋਲਟਰੀ ਉਦਯੋਗ 'ਚ ਚੂਜ਼ਿਆਂ ਨੂੰ ਗਰਮਾਇਸ਼ ਦੇਣ ਲਈ ਵੀ ਕੀਤੀ ਜਾ ਸਕਦੀ ਹੈ। ਬਾਇਓ ਗੈਸ ਤਿਆਰ ਹੋਣ ਤੋਂ ਬਾਅਦ ਪੋਲਟਰੀ ਮਲ-ਮੂਤਰ ਦਾ ਜੋ ਰਹਿੰਦ-ਖੂੰਹਦ ਨਿਕਲਦਾ ਹੈ, ਉਹ ਪੌਸ਼ਕ ਤੱਤਾਂ ਖਾਸ ਤੌਰ 'ਤੇ ਸੂਖਮ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜਿਸ ਦੀ ਵਰਤੋਂ ਜੈਵਿਕ ਖੇਤੀ ਲਈ ਬਹੁਤ ਲਾਭਦਾਇਕ ਹੈ।
ਵਿਗਿਆਨੀਆਂ ਅਨੁਸਾਰ ਇਸ ਤਕਨੀਕ ਨਾਲ ਕਰੀਬ 5,000 ਪੋਲਟਰੀ ਮਲ-ਮੂਤਰ ਤੋਂ ਸਾਲਾਨਾ ਲੱਗਭੱਗ 4100 ਕਿਲੋ ਬਾਇਓ ਗੈਸ ਤਿਆਰ ਕੀਤੀ ਜਾਂਦੀ ਹੈ, ਜਿਸ ਦਾ ਬਾਜ਼ਾਰੀ ਮੁੱਲ 1.31ਲੱਖ ਰੁਪਏ ਹੈ। ਇਸ ਤੋਂ ਕਰੀਬ 128 ਟਨ ਜੈਵਿਕ ਖਾਦ ਵੀ ਤਿਆਰ ਹੁੰਦੀ ਹੈ ਜਿਸ ਦਾ ਬਾਜ਼ਾਰੀ ਮੁੱਲ 2.56 ਲੱਖ ਰੁਪਏ ਹੈ।
