ਡੀਜੇ ''ਤੇ ਗਾਣਾ ਵਜਾਉਣ ਨੂੰ ਲੈ ਕੇ ਚੱਲੀਆਂ ਗੋਲੀਆਂ, ਲੜਕੇ ਦੀ ਮੌਤ

3/10/2019 12:52:59 PM

ਜਮੁਈ (ਵਾਰਤਾ)— ਅਕਸਰ ਵਿਆਹਾਂ-ਸ਼ਾਦੀਆਂ ਵਿਚ ਨਿੱਕੀ-ਨਿੱਕੀ ਗੱਲ ਨੂੰ ਲੈ ਕੇ ਝਗੜੇ ਹੋ ਜਾਂਦੇ ਹਨ। ਵਿਆਹ ਸਮਾਰੋਹਾਂ ਵਿਚ ਡੀਜੇ 'ਤੇ ਗਾਣੇ ਵਜਾਉਣ ਨੂੰ ਲੈ ਕੇ ਝਗੜੇ ਸਾਹਮਣੇ ਆਉਂਦੇ ਹਨ। ਤਾਜ਼ਾ ਮਾਮਲਾ ਬਿਹਾਰ 'ਚ ਸਾਹਮਣੇ ਆਇਆ ਹੈ। ਇੱਥੋਂ ਦੇ ਜਮੁਈ ਜ਼ਿਲੇ ਵਿਚ ਪੈਂਦੇ ਦੌਲਤਪੁਰ ਪਿੰਡ 'ਚ ਡੀਜੇ 'ਤੇ ਗਾਣਾ ਵਜਾਉਣ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਨਾਬਾਲਗ ਲੜਕੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਸੂਤਰਾਂ ਮੁਤਾਬਕ ਦੌਲਤਪੁਰ ਪਿੰਡ ਵਾਸੀ ਫੁਲਵੇਸ਼ਵਰ ਯਾਦਵ ਦੀ ਪੁੱਤਰੀ ਦਾ ਕੱਲ ਰਾਤ ਵਿਆਹ ਸੀ। ਇਸ ਦੌਰਾਨ ਡੀਜੇ 'ਤੇ ਗਾਣਾ ਵਜਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਬਾਅਦ ਇਕ ਧਿਰ ਦੇ ਲੋਕਾਂ ਨੇ ਦੂਜੇ ਧਿਰ 'ਤੇ ਗੋਲੀਆਂ ਵੀ ਚਲਾਈਆਂ। ਇਸ ਘਟਨਾ ਵਿਚ ਸਿਕੰਦਰ ਠਾਕੁਰ ਦੇ ਪੁੱਤਰ ਸੰਦੀਪ ਠਾਕੁਰ (14) ਦੀ ਮੌਕ 'ਤੇ ਹੀ ਮੌਤ ਹੋ ਗਈ, ਜਦਕਿ ਸੁਭਾਸ਼ ਯਾਦਵ ਨਾਂ ਦਾ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਜ਼ਖਮੀ ਨੂੰ ਤੁਰੰਤ ਜਮੁਈ ਸਦਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਮੁੱਢਲੇ ਇਲਾਜ ਮਗਰੋਂ ਉਸ ਨੂੰ ਅੱਜ ਸਵੇਰੇ ਪਟਨਾ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ। ਓਧਰ ਸੰਦੀਪ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜਮੁਈ ਸਦਰ ਹਸਪਤਾਲ ਵਿਚ ਭੇਜ ਦਿੱਤਾ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।


Tanu

Edited By Tanu