''ਬਲਿਊ ਵ੍ਹੇਲ'' ਦਾ ਕਹਿਰ ਜਾਰੀ, ਦਿੱਲੀ ਦੇ ਬਿਜ਼ਨੈੱਸਮੈਨ ਦੇ ਇਕਲੌਤੇ ਬੇਟੇ ਨੇ ਛੱਤ ਤੋਂ ਮਾਰੀ ਛਾਲ

08/19/2017 1:57:34 PM

ਨਵੀਂ ਦਿੱਲੀ— ਦੁਨੀਆ ਭਰ 'ਚ ਬੱਚਿਆਂ ਦੀ ਜਾਨ ਲਈ ਖਤਰਾ ਬਣ ਚੁਕੀ ਆਨਲਾਈਨ ਗੇਮ ਬਲਿਊ ਵ੍ਹੇਲ ਦੀ ਲਪੇਟ 'ਚ ਆ ਕੇ ਦਿੱਲੀ ਦੇ ਅਸ਼ੋਕ ਵਿਹਾਰ ਇਲਾਕੇ 'ਚ ਬਿਜ਼ਨੈੱਸਮੈਨ ਦੇ ਇਕਲੌਤੇ ਲੜਕੇ ਨੇ ਘਰ ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਜਿਸ ਜਗ੍ਹਾ ਤੋਂ ਬੱਚੇ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਉੱਥੇ ਉਸ ਦੀ ਚੱਪਲ, ਚਸ਼ਮਾ ਅਤੇ ਮੋਬਾਇਲ ਮਿਲਿਆ ਹੈ। ਲੜਕੇ ਨੂੰ ਗੰਭੀਰ ਹਾਲਤ 'ਚ ਗੰਗਰਾਮ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੌਕੇ 'ਤੇ ਮਿਲੇ ਲੜਕੇ ਦਾ ਮੋਬਾਇਲ ਜ਼ਬਤ ਕਰ ਲਿਆ ਹੈ। ਪੁਲਸ ਉਸ ਦੇ ਡਾਟਾ ਤੋਂ ਗੇਮ ਬਾਰੇ ਜਾਣਕਾਰੀ ਜੁਟਾਉਣ 'ਚ ਜੁਟੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੰਗਾਲ ਦੇ ਪੱਛਮੀ ਮਿਦਨਾਪੁਰ ਜ਼ਿਲੇ ਦੇ ਆਨੰਦਪੁਰ 'ਚ ਅੰਕਨ ਡੇ ਨੇ ਗੇਮ ਖੇਡਦੇ ਹੋਏ ਬਾਥਰੂਮ 'ਚ ਬੰਦ ਹੋ ਕੇ ਪਲਾਸਟਿਕ ਬੈਗ ਨਾਲ ਆਪਣੇ ਸਿਰ ਨੂੰ ਢੱਕ ਲਿਆ, ਫਿਰ ਉਸ ਨੂੰ ਨਾਇਲਾਨ ਦੀ ਰੱਸੀ ਨਾਲ ਬੰਨ੍ਹ ਦਿੱਤਾ, ਦਮ ਘੁੱਟਣ ਨਾਲ ਉਸ ਦੀ ਮੌਤ ਹੋ ਗਈ। ਦੂਜੀ ਘਟਨਾ ਦੇਹਰਾਦੂਨ 'ਚ ਵਾਪਰੀ, ਜਿੱਥੇ 5ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਇਸੇ ਤਰ੍ਹਾਂ ਦੀ ਹਰਕਤ ਕਰਦੇ ਹੋਏ ਸਕੂਲ ਪ੍ਰਸ਼ਾਸਨ ਨੇ ਰੋਕ ਲਿਆ। ਇਨ੍ਹਾਂ ਦੋਹਾਂ ਬੱਚਿਆਂ ਨੇ ਆਨਲਾਈਨ ਗੇਮ ਬਲਿਊ ਵ੍ਹੇਲ ਚੈਲੇਂਜ ਖੇਡਦੇ ਹੋਏ ਖੇਡ ਦੇ ਆਖਰੀ 50ਵੇਂ ਦਿਨ ਅਜਿਹੀ ਹਰਕਤ ਕੀਤੀ।


Related News