ਸੰਵਿਧਾਨ ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਸੋਚ ਦਾ ਦਸਤਾਵੇਜ਼ : ਰਾਹੁਲ

Monday, Jan 27, 2025 - 07:49 PM (IST)

ਸੰਵਿਧਾਨ ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਸੋਚ ਦਾ ਦਸਤਾਵੇਜ਼ : ਰਾਹੁਲ

ਮਹੂ, (ਯੂ. ਐੱਨ. ਆਈ.)- ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਵਿਚਾਰਧਾਰਾ ਸੰਵਿਧਾਨ ਦੇ ਵਿਰੁੱਧ ਹੈ। ਉਹ ਇਸ ਨੂੰ ਖਤਮ ਕਰਨਾ ਚਾਹੁੰਦੇ ਹਨ ਪਰ ਕਾਂਗਰਸ ਸੰਵਿਧਾਨ ਦੀ ਰੱਖਿਆ ਲਈ ਲੜਦੀ ਰਹੇਗੀ।

ਸੋਮਵਾਰ ਮੱਧ ਪ੍ਰਦੇਸ਼ ਦੇ ਮਹੂ ’ਚ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ਭਾਰਤ ’ਚ ਵਿਚਾਰਧਾਰਾ ਦੀ ਲੜਾਈ ਚੱਲ ਰਹੀ ਹੈ। ਇਕ ਪਾਸੇ ਕਾਂਗਰਸ ਹੈ ਜੋ ਸੰਵਿਧਾਨ ’ਚ ਭਰੋਸਾ ਰੱਖਦੀ ਹੈ ਤੇ ਇਸ ਲਈ ਲੜ ਰਹੀ ਹੈ ਜਦ ਕਿ ਦੂਜੇ ਪਾਸੇ ਭਾਜਪਾ ਤੇ ਆਰ. ਐੱਸ.ਐੱਸ. ਹਨ ਜੋ ਸੰਵਿਧਾਨ ਦੇ ਵਿਰੁੱਧ ਹਨ। ਦੋਵੇਂ ਇਸ ਨੂੰ ਕਮਜ਼ੋਰ ਕਰ ਕੇ ਇਸ ਨੂੰ ਖਤਮ ਕਰਨਾ ਚਾਹੁੰਦੀਆਂ ਹਨ।

ਉਨ੍ਹਾਂ ਕਿਹਾ ਕਿ ਸੰਵਿਧਾਨ ਸਿਰਫ਼ ਇਕ ਕਿਤਾਬ ਨਹੀਂ ਹੈ। ਇਹ ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਸੋਚ ਦਾ ਦਸਤਾਵਾਜ਼ ਹੈ। ਇਸ ’ਚ ਅੰਬੇਡਕਰ ਜੀ, ਮਹਾਤਮਾ ਗਾਂਧੀ ਜੀ, ਭਗਵਾਨ ਬੁੱਧ ਜੀ , ਫੂਲੇ ਜੀ ਵਰਗੇ ਮਹਾਂਪੁਰਖਾਂ ਦੀਆਂ ਆਵਾਜ਼ਾਂ ਹਨ। ਆਰ. ਐੱਸ. ਐੱਸ. ਉਪਰ ਸੰਵਿਧਾਨ ’ਤੇ ਸਿੱਧੇ ਹਮਲਾ ਕਰਨ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਸੀ ਕਿ ਭਾਰਤ ਨੂੰ 15 ਅਗਸਤ 1947 ਨੂੰ ਆਜ਼ਾਦੀ ਨਹੀਂ ਮਿਲੀ ਸੀ। ਉਹ ਝੂਠੀ ਆਜ਼ਾਦੀ ਸੀ। ਇਹ ਸੰਵਿਧਾਨ ’ਤੇ ਸਿੱਧਾ ਹਮਲਾ ਹੈ।


author

Rakesh

Content Editor

Related News