ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਰਾਜ ਸਭਾ ''ਚ ਵਾਪਸੀ ਦੀ ਕੋਸ਼ਿਸ਼ ''ਚ ਜੁਟੀ ਕਾਂਗਰਸ

06/17/2019 1:08:00 AM

ਨਵੀਂ ਦਿੱਲੀ— ਕਾਂਗਰਸ ਦੀ ਲਗਾਤਾਰ ਹੋ ਰਹੀ ਹਾਰ ਦਾ ਖਾਮਿਆਜ਼ਾ ਹੁਣ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਭੁਗਤਣਾ ਪੈ ਰਿਹਾ ਹੈ। ਸੰਨ 1991 'ਚ ਨਰਸਿਮ੍ਹਾ ਰਾਓ ਸਰਕਾਰ 'ਚ ਸਿੱਧੇ ਵਿੱਤ ਮੰਤਰੀ ਵਜੋਂ ਸਿਆਸਤ ਦੀ ਸ਼ੁਰੂਆਤ ਕਰਨ ਵਾਲੇ ਮਨਮੋਹਨ ਸਿੰਘ ਲਗਾਤਾਰ 5 ਵਾਰ ਰਾਜ ਸਭਾ ਮੈਂਬਰ ਚੁਣੇ ਜਾਂਦੇ ਰਹੇ। ਇਸ ਦਰਮਿਆਨ ਮਨਮੋਹਨ ਸਿੰਘ ਨੇ ਇਕ ਵਾਰ ਲੋਕ ਸਭਾ ਦੀ ਚੋਣ ਵੀ ਲੜੀ ਪਰ ਉਹ ਹਾਰ ਗਏ। ਪੀ. ਐੱਮ. ਅਹੁਦੇ 'ਤੇ ਰਹਿੰਦੇ ਹੋਏ ਵੀ ਉਹ ਆਸਾਮ ਤੋਂ ਰਾਜ ਸਭਾ ਦੇ ਮੈਂਬਰ ਰਹੇ ਪਰ 30 ਸਾਲ ਬਾਅਦ ਉਨ੍ਹਾਂ ਦਾ ਕਾਰਜਕਾਲ ਖਤਮ ਹੋ ਗਿਆ ਹੈ। ਆਉਣ ਵਾਲੇ ਸੈਸ਼ਨ 'ਚ ਮਨਮੋਹਨ ਸਿੰਘ ਰਾਜ ਸਭਾ 'ਚ ਨਜ਼ਰ ਨਹੀਂ ਆਉਣਗੇ। ਇਸ ਵਾਰ ਆਸਾਮ ਦੇ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨਾਲ ਦੇ ਵਿਧਾਇਕ ਮਿਲ ਕੇ ਪਹਿਲੀ ਪਸੰਦ ਦੇ 43 ਦੇ ਅੰਕੜੇ ਨੂੰ ਪਾਰ ਨਹੀਂ ਕਰ ਸਕੇ। ਇਸ ਲਈ ਇਸ ਵਾਰ ਮਨਮੋਹਨ ਸਿੰਘ ਉਥੋਂ ਸੰਸਦ ਮੈਂਬਰ ਨਹੀਂ ਬਣ ਸਕਦੇ ਜਦਕਿ ਕਾਂਗਰਸ ਦੇ ਸੀਨੀਅਰ ਆਗੂਆਂ ਮੁਤਾਬਕ ਅਰਥ ਸ਼ਾਸਤਰੀ ਤੇ ਤਜਰਬੇਕਾਰ ਮਨਮੋਹਨ ਸਿੰਘ ਦੀ ਸੰਸਦ 'ਚ ਲੋੜ ਹੈ, ਇਸ ਲਈ ਪਾਰਟੀ ਚਾਹੇਗੀ ਕਿ ਜਲਦੀ ਤੋਂ ਜਲਦੀ ਉਹ ਸੰਸਦ 'ਚ ਵਾਪਸੀ ਕਰਨ ਪਰ ਮੁਸ਼ਕਲ ਇਹ ਹੈ ਕਿ ਜਿਨ੍ਹਾਂ ਥਾਵਾਂ 'ਤੇ ਰਾਜ ਸਭਾ ਚੋਣਾਂ ਹਨ, ਉਥੇ ਕਾਂਗਰਸ ਕੋਲ ਲੋੜੀਂਦੇ ਨੰਬਰ ਨਹੀਂ ਹਨ। ਕਾਂਗਰਸ ਦੇ ਰਣਨੀਤੀਕਾਰ ਇਹ ਕੋਸ਼ਿਸ਼ 'ਚ ਹਨ ਕਿ ਡੀ. ਐੱਮ. ਕੇ. ਨਾਲ ਮਿਲ ਕੇ ਕਾਂਗਰਸ ਤਾਮਿਲਨਾਡੂ 'ਚੋਂ ਮਨਮੋਹਨ ਸਿੰਘ ਲਈ ਰਾਜ ਸਭਾ ਲਈ ਕੋਈ ਜੁਗਾੜ ਲਾਇਆ ਜਾਵੇ ਪਰ ਅਜੇ ਤੱਕ ਇਹ ਚਰਚਾ ਸਫਲਤਾ ਤੱਕ ਨਹੀਂ ਪਹੁੰਚ ਸਕੀ।
 


KamalJeet Singh

Content Editor

Related News