ਸੋਨੀਆ ਗਾਂਧੀ ਨੇ ਲੋਕ ਸਭਾ ’ਚ ਚੁੱਕਿਆ ਮਨਰੇਗਾ ਦਾ ਮੁੱਦਾ, ਮੋਦੀ ਸਰਕਾਰ ’ਤੇ ਵਿਨ੍ਹਿਆ ਨਿਸ਼ਾਨਾ

Thursday, Mar 31, 2022 - 03:05 PM (IST)

ਨਵੀਂ ਦਿੱਲੀ– ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਲੋਕ ਸਭਾ ’ਚ ਬੁੱਧਵਾਰ ਨੂੰ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੋਦੀ ਸਰਕਾਰ ’ਤੇ ਮਨਰੇਗਾ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ। ਸੋਨੀਆ ਗਾਂਧੀ ਨੇ ਵੀਰਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਗਾਰੰਟੀ ਯੋਜਨਾ (ਮਨਰੇਗਾ) ਦੇ ਬਜਟ ’ਚ ਕਟੌਤੀ ਕੀਤੀ ਗਈ ਹੈ ਜਿਸ ਕਾਰਨ ਮਜ਼ਦੂਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਜਿਹੇ ’ਚ ਸਰਕਾਰ ਨੂੰ ਲੋੜੀਂਦਾ ਫੰਡ ਯਕੀਨੀ ਕਰਨਾ ਚਾਹੀਦਾ ਹੈ। ਸੋਨੀਆ ਗਾਂਧੀ ਨੇ ਸਦਨ ’ਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਚੁੱਕਿਆ। ਸਿਫ਼ਰ ਕਾਲ ਦੌਰਾਨ ਇਸ ਮੁੱਦੇ ਨੂੰ ਚੁੱਕਦੇ ਹੋਏ ਸੋਨੀਆ ਗਾਂਧੀ ਨੇ ਕਿਹਾ, ‘ਮਨਰੇਗਾ ਦਾ ਕੁਝ ਸਾਲ ਪਹਿਲਾਂ ਕੁਝ ਲੋਕਾਂ ਨੇ ਮਜ਼ਾਕ ਉਡਾਇਆ ਸੀ। ਹਾਲਾਂਕਿ, ਉਸੇ ਮਨਰੇਗਾ ਨੇ ਕੋਵਿਡ ਅਤੇ ਤਾਲਾਬੰਦੀ ਦੌਰਾਨ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕੀਤੀ। ਫਿਰ ਵੀ ਮਨਰੇਗਾ ਲਈ ਤੈਅ ਬਜਟ ’ਚ ਕਟੌਤੀ ਕੀਤੀ  ਜਾ ਰਹੀ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਬਜਟ ’ਚ ਕਟੌਤੀ ਕਾਰਨ ਮਜ਼ਦੂਰਾਂ ਨੂੰ ਕੰਮ ਅਤੇ ਮਜ਼ਦੂਰੀ ਮਿਲਣ ’ਚ ਪਰੇਸ਼ਾਨੀ ਹੋ ਰਹੀ ਹੈ। 

ਉਨ੍ਹਾਂ ਕਿਹਾ, ‘ਇਸ ਸਾਲ ਮਨਰੇਗਾ ਦਾ ਬਜਟ ਪਿਛਲੇ ਸਾਲ ਦੇ ਮੁਕਾਬਲੇ 35 ਫ਼ੀਸਦੀ ਘੱਟ ਹੈ। ਇਸ ਨਾਲ ਮਜ਼ਦੂਰਾਂ ਦੇ ਭੁਗਤਾਨ ’ਚ ਦੇਰੀ ਹੁੰਦੀ ਹੈ।’ ਕਾਂਗਰਸ ਪ੍ਰਧਾਨ ਨੇ ਕਿਹਾ, ‘ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਮਨਰੇਗਾ ਲਈ ਉੱਚਿਤ ਫੰਡ ਹੋਵੇ, ਕੰਮਦੇ 15 ਦਿਨਾਂ ਦੇ ਅੰਦਰ ਕੰਮਗਾਰਾਂ ਨੂੰ ਮਜ਼ਦੂਰੀ ਦਾ ਭੁਗਤਾਨ ਹੋਵੇ ਅਤੇ ਭੁਗਤਾਨ ’ਚ ਦੇਰੀ ’ਤੇ ਮੁਆਵਜ਼ਾ ਵੀ ਦਿੱਤਾ ਜਾਵੇ।’ ਇਸਤੋਂ ਬਾਅਦ ਪੇਂਡੂ ਵਿਕਾਸ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ, ‘ਉਹ (ਸੋਨੀਆ) ਦੇਸ਼ ਦੀ ਇਕ ਸੀਨੀਅਰ ਨੇਤਾ ਹੈ। ਉਨ੍ਹਾਂ ਸਦਨ ’ਚ ਜੋ ਵਿਸ਼ਾ ਰੱਖਿਆ ਹੈ ਉਹ ਪੂਰਨ ਰੂਪ ਨਾਲ ਤੱਥਾਂ ਤੋਂ ਪਰੇ ਹੈ। ਸਾਲ 2013-14 ’ਚ (ਯੂ.ਪੀ.ਏ ਸਰਕਾਰ ਦੇ ਸਮੇਂ) ਮਨਰੇਗਾ ਦਾ 33 ਹਜ਼ਾਰ ਕਰੋੜ ਰੁਪਏ ਦਾ ਬਜਟ ਸੀ, ਜੋ ਅੱਜ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੈ।’

ਸਰਕਾਰ ਨੇ ਉਨ੍ਹਾਂ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਮਨਰੇਗਾ ਲਈ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਫੰਡ ਦਿੱਤਾ ਗਿਆ ਹੈ, ਜਦਕਿ ਪਹਿਲਾਂ ਦੀ ਯੂ.ਪੀ.ਏ. ਸਰਕਾਰ ਦੇ ਸਮੇਂ ਨਾ ਸਿਰਫ ਫੰਡ ਘੱਟ ਸੀ, ਸਗੋਂ ‘ਭ੍ਰਿਸ਼ਟਾਚਾਰ’ ਵੀ ਹੁੰਦਾ ਸੀ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, ‘ਯੂ.ਪੀ.ਏ. ਸਰਕਾਰ ਦੇ ਸਮੇਂ ਫੰਡ ਬਜਟ ਖਰਚ ਨਹੀਂ ਹੁੰਦਾ ਸੀ ਪਰ ਮੋਦੀ ਸਰਕਾਰ ਨੇ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿਵਸਥਾ ਕੀਤੀ ਹੈ। ਇਨ੍ਹਾਂ ਦੇ (ਕਾਂਗਰਸ) ਸਮੇਂ ਸਿਰਫ਼ ਭ੍ਰਿਸ਼ਟਾਚਾਰ ਹੁੰਦਾ ਸੀ। ਇਸ ਦੌਰਾਨ ਕਾਂਗਰਸ ਮੈਂਬਰ ਹੰਗਾਮਾ ਕਰਨ ਲੱਗੇ। ਇਸ ’ਤੇ ਠਾਕੁਰ ਨੇ ਕਿਹਾ, ‘ਇਹ ਲੋਕ ਮੰਤਰੀ ਵੱਲੋਂ ਜਵਾਬ ਦੇਣ ਦਾ ਵਿਰੋਧ ਕਰ ਰਹੇ ਹਨ। ਇਹ ਵਿਖਾਉਂਦਾ ਹੈ ਕਿ ਵਿਰੋਧੀ ਸਿਰਫ਼ ਰਾਜਨੀਤੀ ਕਰਦਾ ਹੈ।’ 


Rakesh

Content Editor

Related News