ਕਾਂਗਰਸ ਨੇ ਜਾਰੀ ਕੀਤਾ ‘ਭਾਰਤ ਜੋੜੋ’ ਯਾਤਰਾ ਦਾ ਰੂਟ, 7 ਨੂੰ ਹੋਵੇਗੀ ਸ਼ੁਰੂ
Wednesday, Aug 24, 2022 - 01:21 PM (IST)
ਨਵੀਂ ਦਿੱਲੀ(ਪੰਜਾਬ ਮੇਲ) : ਕਾਂਗਰਸ ਨੇ 7 ਸਤੰਬਰ ਤੋਂ ਪ੍ਰਸਤਾਵਿਤ ਆਪਣੀ ‘ਭਾਰਤ ਜੋੜੋ’ ਯਾਤਰਾ ਨਾਲ ਸਬੰਧਤ ਰੂਟ, ਲੋਗੋ, ਟੈਗਲਾਈਨ, ਵੈੱਬਸਾਈਟ ਅਤੇ ਬੁਕਲੇਟ ਮੰਗਲਵਾਰ ਨੂੰ ਜਾਰੀ ਕਰਦਿਆਂ ਕਿਹਾ ਕਿ ਆਰਥਿਕ ਅਸਮਾਨਤਾਵਾਂ, ਸਮਾਜਿਕ ਧਰੁਵੀਕਰਨ ਅਤੇ ਸਿਆਸੀ ਵੰਡੀਆਂ ਦੇ ਮੱਦੇਨਜ਼ਰ ਦੇਸ਼ ਹਿੱਤ ਲਈ ਇਹ ਯਾਤਰਾ ਜ਼ਰੂਰੀ ਹੈ। ਪਾਰਟੀ ਨੇ ਇਹ ਵੀ ਕਿਹਾ ਕਿ ਇਸ ਯਾਤਰਾ ਰਾਹੀਂ ਵਿਸ਼ਾਲ ਲੋਕ ਸੰਪਰਕ ਮੁਹਿੰਮ ਚਲਾਈ ਜਾਵੇਗੀ।
ਇਹ ਵੀ ਪੜ੍ਹੋ- ਕਿਸਾਨ ਪੱਪਨ ਨੇ ਕੀਤੀ ਖ਼ੁਦਕੁਸ਼ੀ, ਲਾਕਡਾਊਨ ’ਚ ਮਜ਼ਦੂਰਾਂ ਨੂੰ ਜਹਾਜ਼ ਤੋਂ ਘਰ ਭੇਜ ਆਏ ਸਨ ਸੁਰਖੀਆਂ ’ਚ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਇਕ ਤੇਰਾ ਕਦਮ, ਇਕ ਮੇਰਾ ਕਦਮ ਮਿਲ ਜਾਣ ਤਾਂ ਜੁੜ ਜਾਏ ਆਪਣਾ ਵਤਨ। ਆਓ ਇਕੱਠੇ ਮਿਲ ਕੇ ਭਾਰਤ ਜੋੜੀਏ।’’ ਪਾਰਟੀ ਦੇ ਸੀਨੀਅਰ ਆਗੂ ਦਿਗਵਿਜੇ ਸਿੰਘ ਅਤੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਸ ਯਾਤਰਾ ਦਾ ਲੋਗੋ, ਬੁੱਕਲੇਟ ਅਤੇ ਵੈੱਬਸਾਈਟ ਜਾਰੀ ਕੀਤੀ। ਇਸ ਯਾਤਰਾ ਟੈਗਲਾਈਨ ‘ਮਿਲੇ ਕਦਮ, ਜੁੜੇ ਵਤਨ’ ਹੋਵੇਗੀ।ਕਾਂਗਰਸ ਦੀ ਇਹ ਯਾਤਰਾ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਵੇਗੀ । ਇਹ ਯਾਤਰਾ ਕੇਰਲ ਦੇ ਤਿਰੂਵਨੰਤਪੁਰਮ ਅਤੇ ਕੋਚੀ, ਕਰਨਾਟਕ ਦੇ ਮੈਸੂਰ, ਮਹਾਰਾਸ਼ਟਰ ਦੇ ਨਾਂਦੇੜ, ਮੱਧ ਪ੍ਰਦੇਸ਼ ਦੇ ਇੰਦੌਰ, ਰਾਜਸਥਾਨ ਦੇ ਕੋਟਾ, ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ, ਦਿੱਲੀ, ਹਰਿਆਣਾ ਦੇ ਅੰਬਾਲਾ, ਪੰਜਾਬ ਦੇ ਪਠਾਨਕੋਟ ਅਤੇ ਜੰਮੂ ਤੋਂ ਹੁੰਦੀ ਹੋਈ ਸ਼੍ਰੀਨਗਰ ਵਿਖੇ ਸਮਾਪਤ ਹੋਵੇਗੀ।
ਜਿਸ ਅੰਦੋਲਨ ਨੇ ਕਾਂਗਰਸ ਨੂੰ ਸੱਤਾ ਤੋਂ ਹਟਾਇਆ, ਉਸੇ ਦੀ ਫੋਟੋ ਲਗਾਈ : ‘ਆਪ’
ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੇ ਸੰਦਰਭ ’ਚ ਕਾਂਗਰਸ ਨੇ ਟਵਿੱਟਰ ’ਤੇ ਆਪਣੀ ਪੋਸਟ ’ਚ ਜਿਸ ਫੋਟੋ ਦੀ ਵਰਤੋਂ ਕੀਤੀ ਹੈ, ਉਹ ਸਾਲ 2011 ਦੇ ਉਸ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੀ ਹੈ, ਜਿਸ ਕਾਰਨ ਉਸ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ ਸੀ। ਫੋਟੋ ’ਚ ਕਾਂਗਰਸੀ ਵਰਕਰ ਸਪਸ਼ਟ ਰੂਪ ’ਚ ਦਿਖਾਈ ਦੇ ਰਹੇ ਹਨ। ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੂੰ ਅਸਲ ਵਿਰੋਧੀ ਧਿਰ ਵਜੋਂ ਸਵੀਕਾਰ ਕਰਨ ਲਈ ਕਾਂਗਰਸ ਦਾ ਧੰਨਵਾਦ ਕੀਤਾ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।