ਗਾਂਧੀ ਪਰਿਵਾਰ ਦੀ ਚਮਕ ’ਚੋਂ ਬਾਹਰ ਨਹੀਂ ਨਿਕਲਣਗੇ ਖੜਗੇ

Friday, Nov 04, 2022 - 01:05 PM (IST)

ਗਾਂਧੀ ਪਰਿਵਾਰ ਦੀ ਚਮਕ ’ਚੋਂ ਬਾਹਰ ਨਹੀਂ ਨਿਕਲਣਗੇ ਖੜਗੇ

ਨਵੀਂ ਦਿੱਲੀ– ਜੋ ਲੋਕ ਸੋਚ ਰਹੇ ਸਨ ਕਿ ਨਵੇਂ ਚੁਣੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਆਪਣੇ ਲਈ ਵੱਖਰਾ ਰਾਹ ਬਣਾਉਣਗੇ, ਉਹ ਕਲਪਨਾ ਲੋਕ ’ਚ ਰਹਿ ਰਹੇ ਹਨ। ਖੜਗੇ ਗਾਂਧੀ ਪਰਿਵਾਰ ਦੇ ਸਾਏ ’ਚ ਹੀ ਰਹਿਣਗੇ। ਉਂਝ ਸੋਨੀਆ ਗਾਂਧੀ ਯਕੀਨੀ ਬਣਾਉਂਦੀ ਦਿਸਦੀ ਹੈ ਕਿ ਪਾਰਟੀ ਦੇ ਮਾਮਲਿਆਂ ’ਚ ਖੜਗੇ ਦੀ ਹੀ ਚੱਲੇ ਅਤੇ ਰਾਹੁਲ ਗਾਂਧੀ ਨੇ ਵੀ ਜਨਤਕ ਤੌਰ ’ਤੇ ਕਿਹਾ ਹੈ ਕਿ ਉਹ ਉਹੀ ਕਰਣਗੇ ਜੋ ‘ਪਾਰਟੀ ਪ੍ਰਧਾਨ ਉਨ੍ਹਾਂ ਨੂੰ ਕਰਨ ਲਈ ਕਹਿਣਗੇ’ ਪਰ ਕਰਨਾਟਕ ਦੇ ਇਸ ਮਹਾਰਥੀ ਕਾਂਗਰਸੀ ਨੇਤਾ ਨੇ ਦੋਹਰੀ ਭੂਮਿਕਾ ਨਿਭਾਉਣ ਅਤੇ ਗਾਂਧੀ ਪਰਿਵਾਰ ਦੀ ਚਮਕ ’ਚ ਹੀ ਬਣੇ ਰਹਿਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਨੇ ਹੈਦਰਾਬਾਦ ’ਚ ਇਕ ਰੈਲੀ ’ਚ ਇਕ ਨਾ ਸੋਚਿਆ ਜਾਣ ਵਾਲਾ ਐਲਾਨ ਕੀਤਾ ਕਿ ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਰਾਹੁਲ ਗਾਂਧੀ ਦੀ ਅਗਵਾਈ ’ਚ ਗੈਰ-ਭਾਜਪਾ ਸਰਕਾਰ ਬਣਾਏਗੀ। ਖੜਗੇ ਦੇ ਸ਼ਬਦ ਸਨ-‘ਜੇ ਕੋਈ ਕੇਂਦਰ ’ਚ ਗੈਰ-ਭਾਜਪਾ ਸਰਕਾਰ ਬਣਾਏਗਾ ਤਾਂ ਉਹ ਰਾਹੁਲ ਗਾਂਧੀ ਹੈ, ਜਿਨ੍ਹਾਂ ਦੀ ਅਗਵਾਈ ’ਚ ਕਾਂਗਰਸ ਦੀ ਸਰਕਾਰ ਬਣੇਗੀ।’ ਕਾਂਗਰਸ ਦੇ ਕੁਝ ਸੀਨੀਅਰ ਨੇਤਾ, ਜੋ ਆਪਣਾ ਨਾਂ ਨਹੀਂ ਛਪਵਾਉਣਾ ਚਾਹੁੰਦੇ, ਹੈਰਾਨੀ ਜਤਾਉਂਦੇ ਹਨ ਕਿ ਇਸ ਤਰ੍ਹਾਂ ਦਾ ਐਲਾਨ ਸਮੇਂ ਤੋਂ ਪਹਿਲਾਂ ਕਿਉਂ ਕੀਤਾ ਗਿਆ? ਬਿਨਾ ਸ਼ੱਕ ਰਾਹੁਲ ਗਾਂਧੀ ਨੇ ਆਪਣੀ ਭਾਰਤ ਜੋੜੋ ਯਾਤਰਾ ’ਚ ਲੋਕਾਂ ਦਾ ਧਿਆਨ ਖਿੱਚਿਆ ਹੈ ਅਤੇ ਕਾਂਗਰਸ ਲਈ ਹਾਂ-ਪੱਖੀ ਲਹਿਰ ਪੈਦਾ ਕੀਤੀ ਹੈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ’ਚ ਵੀ ਉਨ੍ਹਾਂ ਕੁਝ ਅਜਿਹਾ ਨਹੀਂ ਕਿਹਾ ਜਿਸ ਨਾਲ ਕੋਈ ਨਾਂਹ-ਪੱਖੀ ਚਰਚਾ ਹੁੰਦੀ।

ਉਂਝ ਰਾਹੁਲ ਗਾਂਧੀ ਨਾ ਤਾਂ ਸੰਸਦੀ ਦਲ ਦੇ ਨੇਤਾ ਹਨ ਅਤੇ ਨਾ ਹੀ ਕਾਂਗਰਸ ਪ੍ਰਧਾਨ। ਦੇਖੀਏ ਤਾਂ ਕਾਂਗਰਸ ਪਾਰਟੀ ਨੇ ਵੀ ਆਪਣੀ ਕਿਸੇ ਵੀ ਬੈਠਕ ’ਚ ਇਸ ਗੱਲ ਦਾ ਸਮਰਥਨ ਨਹੀਂ ਕੀਤਾ ਹੈ। ਜੀ-23 ਦੇ ਕੁਝ ਨੇਤਾ ਜੋ ਅਜੇ ਵੀ ਕਾਂਗਰਸ ਪਾਰਟੀ ’ਚ ਹੀ ਹਨ, ਹਿਮਾਚਲ ਅਤੇ ਗੁਜਰਾਤ ’ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਕਾਂਗਰਸ ਇਨ੍ਹਾਂ ਦੋਵਾਂ ਸੂਬਿਆਂ ’ਚ ਪ੍ਰਮੁੱਖ ਵਿਰੋਧੀ ਪਾਰਟੀ ਹੈ ਅਤੇ ਭਾਜਪਾ ਨੂੰ ਹਰਾਉਣ ਦੀ ਉਮੀਦ ਕਰ ਰਹੀ ਹੈ।


author

Rakesh

Content Editor

Related News