‘ਭੜਕਾਊ ਭਾਸ਼ਣ’ ਦੇਣ ਦੇ ਦੋਸ਼ ’ਚ ਅਮਿਤ ਸ਼ਾਹ ਦੇ ਖਿਲਾਫ ਸ਼ਿਕਾਇਤ ਦਰਜ
Friday, Apr 28, 2023 - 01:44 PM (IST)
ਬੇਂਗਲੁਰੂ, (ਯੂ. ਐੱਨ. ਆਈ.)- ਕਾਂਗਰਸ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਅਤੇ ਕਰਨਾਟਕ ਕਾਂਗਰਸ ਪ੍ਰਧਾਨ ਡੀ. ਕੇ. ਸ਼ਿਵਕੁਮਾਰ ਸਮੇਤ ਚੋਟੀ ਦੇ ਨੇਤਾਵਾਂ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਹੋਰ ਨੇਤਾਵਾਂ ਦੇ ਖਿਲਾਫ ਸੂਬੇ ’ਚ ਉਨ੍ਹਾਂ ਦੀਆਂ ਹਾਲੀਆ ਰੈਲੀਆਂ ਦੌਰਾਨ ਕਥਿਤ ਰੂਪ ’ਚ ਨਫਰਤ ਫੈਲਾਉਣ ਵਾਲੇ ਅਤੇ ਭੜਕਾਊ ਭਾਸ਼ਣ ਦੇਣ ਦੇ ਮਾਮਲੇ ’ਚ ਪੁਲਸ ’ਚ ਸ਼ਿਕਾਇਤ ਦਰਜ ਕਰਾਈ ਹੈ।
ਕਾਂਗਰਸ ਦੇ ਚੋਟੀ ਦੇ ਨੇਤਾਵਾਂ ਨੇ ਸ਼ਾਹ ਦੇ ਖਿਲਾਫ ਹਾਈ ਗ੍ਰਾਊਂਡਸ ਥਾਣੇ ’ਚ ਸ਼ਿਕਾਇਤ ਦਰਜ ਕਰਾਈ ਹੈ, ਜਿਸ ’ਚ ਦੋਸ਼ ਲਾਇਆ ਗਿਆ ਹੈ ਕਿ ਭਾਜਪਾ ਨੇਤਾ ਨੇ ਆਪਣੀਆਂ ਰੈਲੀਆਂ ਦੌਰਾਨ ਭੜਕਾਊ ਬਿਆਨ ਦਿੱਤੇ, ਦੁਸ਼ਮਣੀ ਅਤੇ ਨਫਰਤ ਨੂੰ ਹੱਲਾਸ਼ੇਰੀ ਦਿੱਤੀ ਅਤੇ ਵਿਰੋਧੀ ਧਿਰ ਨੂੰ ਬਦਨਾਮ ਕੀਤਾ।
ਇਹ ਸ਼ਿਕਾਇਤ 25 ਅਪ੍ਰੈਲ ਦੇ ਸੰਦਰਭ ’ਚ ਹੈ ਜਦੋਂ ਸ਼ਾਹ ਨੇ ਕਈ ਹੋਰ ਭਾਜਪਾ ਨੇਤਾਵਾਂ ਦੇ ਨਾਲ ਕਰਨਾਟਕ ਦੇ ਵਿਜੇਪੁਰਾ ’ਚ ਇਕ ਰੈਲੀ ਨੂੰ ਸੰਬੋਧਨ ਕੀਤਾ ਸੀ।
ਕਾਂਗਰਸ ਨੇ ਪੁਲਸ ਨੂੰ ਸ਼ਾਹ ਅਤੇ ਹੋਰ ਭਾਜਪਾ ਨੇਤਾਵਾਂ ’ਤੇ ਭਾਰਤੀ ਦੰਡਾਵਲੀ ਦੀ ਧਾਰਾ 153, 505 (2), 171-ਜੀ ਅਤੇ 120-ਬੀ ਵਰਗੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਨ ਲਈ ਕਿਹਾ ਹੈ।
ਕਾਂਗਰਸ ਨੇ ਕਥਿਤ ਭੜਕਾਊ ਭਾਸ਼ਣ ਦਾ ਇਕ ਵੀਡੀਓ ਲਿੰਕ ਵੀ ਸ਼ਿਕਾਇਤ ਦੇ ਨਾਲ ਨੱਥੀ ਕੀਤਾ ਹੈ।