ਕਾਂਗਰਸ ਨੇਤਾਵਾਂ-ਵਰਕਰਾਂ ਦਾ ਦਾਅਵਾ : ਐਗਜ਼ਿਟ ਪੋਲ ਤੋਂ ਬਿਲਕੁੱਲ ਵੱਖਰੇ ਹੋਣਗੇ ਅਸਲ ਨਤੀਜੇ

Monday, May 20, 2019 - 09:24 PM (IST)

ਕਾਂਗਰਸ ਨੇਤਾਵਾਂ-ਵਰਕਰਾਂ ਦਾ ਦਾਅਵਾ : ਐਗਜ਼ਿਟ ਪੋਲ ਤੋਂ ਬਿਲਕੁੱਲ ਵੱਖਰੇ ਹੋਣਗੇ ਅਸਲ ਨਤੀਜੇ

ਨਵੀਂ ਦਿੱਲੀ— ਕਾਂਗਰਸ ਦੇ ਨੇਤਾਵਾਂ ਤੇ ਵਰਕਰਾਂ ਨੇ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨ ਜਾਣ ਤੋਂ ਬਾਅਦ ਆਏ ਐਗਜ਼ਿਟ ਪੋਲ ’ਚ ਭਾਜਪਾ ਦੀ ਅਗਵਾਈ ਵਾਲੀ ਰਾਜਗ ਦੇ ਜਿੱਤ ਦੇ ਅਨੁਮਾਨ ਨੂੰ ਰੱਦ ਕੀਤਾ ਤੇ ਦਾਅਵਾ ਕੀਤਾ ਕਿ 23 ਮਈ ਨੂੰ ਅਸਲੀ ਨਤੀਜੇ ਇਸ ਤੋਂ ਵੱਖਰੇ ਹੋਣਗੇ। ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਆਸਟਰੇਲੀਆ ਦੀਆਂ ਆਮ ਚੋਣਾਂ ’ਚ ਐਗਜ਼ਿਟ ਪੋਲ ਦੇ ਅਨੁਮਾਨ ਗਲਤ ਸਾਬਤ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਥੇ ਵੀ 23 ਮਈ ਤਕ ਉਡੀਕ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ, ‘‘ਮੈਂ ਪੂਰੇ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਐਗਜ਼ਿਟ ਪੋਲ ਗਲਤ ਹੁੰਦੇ ਹਨ। ਆਸਟਰੇਲੀਆ ’ਚ ਚੋਣਾਂ ਤੋਂ ਬਾਅਦ 56 ਵੱਖ-ਵੱਖ ਏਜੰਸੀਆਂ ਨੇ ਐਗਜ਼ਿਟ ਪੋਲ ਦੇ ਅੰਕੜੇ ਜਾਰੀ ਕੀਤੇ ਪਰ ਸਾਰੇ ਗਲਤ ਸਾਬਤ ਹੋਏ ਹਨ। ਭਾਰਤ ’ਚ ਵੀ ਕਈ ਲੋਕ ਚੋਣਾਂ ਤੋਂ ਬਾਅਦ ਸਰਵੇ ਕਰਨ ਪਹੁੰਚੇ ਲੋਕਾਂ ਨੂੰ ਸੱਚਾਈ ਨਹੀਂ ਦੱਸਦੇ ਹਨ। ਸਰਕਾਰ ਗਠਨ ਕਰਨ ਨੂੰ ਲੈ ਕੇ ਅਜਿਹੇ ਅਗਾਊਂ ਅਨੁਮਾਨ ਸਹੀ ਨਹੀਂ ਹਨ, ਇਸ ਲਈ ਸਾਨੂੰ 23 ਮਈ ਦੀ ਉਡੀਕ ਕਰਨੀ ਚਾਹੀਦੀ ਹੈ, ਜਿਸ ਦਿਨ ਲੋਕ ਸਭਾ ਚੋਣਾਂ ਦੇ ਸਹੀ ਨਤੀਜੇ ਸਾਹਮਣੇ ਆਉਣਗੇ।’’
ਕਾਂਗਰਸ ਬੁਲਾਰੇ ਗੌਰਵ ਵੱਲਭ ਨੇ ਕਿਹਾ, ‘‘ਹੁਣ ਅਜਿਹੇ ਐਗਜ਼ਿਟ ਪੋਲ ’ਤੇ ਕੀ ਟਿੱਪਣੀ ਕੀਤੀ ਜਾਏ, ਮੈਨੂੰ ਵਿਸ਼ਵਾਸ ਹੈ ਕਿ ਕਾਂਗਰਸ ਸਰਕਾਰ ਬਣਾਏਗੀ।’’

ਐਗਜ਼ਿਟ ਪੋਲ ਦੇ ਨਤੀਜੇ ਆਉਣ ਦੇ ਇਕ ਦਿਨ ਬਾਅਦ ਕਾਂਗਰਸ ਮੁੱਖ ਦਫਤਰ ਦਾ ਮਾਹੌਲ ਬਿਲਕੁਲ ਸ਼ਾਂਤ ਰਿਹਾ, ਹਾਲਾਂਕਿ ਵਰਕਰਾਂ ਦਾ ਕਹਿਣਾ ਹੈ ਕਿ ਨਤੀਜੇ ਇਨ੍ਹਾਂ ਐਗਜ਼ਿਟ ਪੋਲ ਦੇ ਅੰਕੜਿਆਂ ਤੋਂ ਬਿਲਕੁੱਲ ਵੱਖਰੇ ਆਉਣਗੇ। ਕਾਂਗਰਸ ਦੇ ਇਕ ਵਰਕਰ ਨੇ ਦਾਅਵਾ ਕੀਤਾ ਕਿ ‘‘ਇਹ ਐਗਜ਼ਿਟ ਪੋਲ ਵਿਰੋਧੀ ਦਲਾਂ ਦੀ ਗਠਜੋੜ ਦੀ ਕਵਾਇਦ ਨੂੰ ਰੋਕਣ ਦੇ ਮਕਸਦ ਨਾਲ ਜਾਰੀ ਕੀਤੇ ਗਏ ਹਨ। ਤੁਸੀਂ ਦੇਖੋਗੇ ਕਿ 23 ਮਈ ਨੂੰ ਨਤੀਜੇ ਬਿਲਕੁਲ ਵੱਖਰੇ ਹੋਣਗੇ। ਗੌਰਤਲਬ ਹੈ ਕਿ ਜ਼ਿਆਦਾਤਰ ਐਗਜ਼ਿਟ ਪੋਲ ’ਚ ਭਾਜਪਾ ਦੀ ਅਗਵਾਈ ਵਾਲੀ ਰਾਜਗ ਨੂੰ ਸਪੱਸ਼ਟ ਬਹੁਮਤ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ।’’


author

Inder Prajapati

Content Editor

Related News