ਕਾਂਗਰਸ- ਜਨਤਾ ਦਲ (ਐੱਸ) ਨੇ ਕਰਨਾਟਕ ਨੂੰ ATM ਵਾਂਗ ਵਰਤਿਆ : ਅਨੁਰਾਗ ਠਾਕੁਰ
Monday, Mar 13, 2023 - 11:16 AM (IST)

ਬੈਂਗਲੁਰੂ, (ਵਿਸ਼ੇਸ਼)- ਕੇਂਦਰੀ ਸੂਚਨਾ , ਪ੍ਰਸਾਰਣ, ਯੂਥ ਅਤੇ ਖੇਡ ਮਾਮਲਿਆਂ ਦੇ ਮੰਤਰੀ ਅਨੁਰਾਗ ਸਿੰਘ ਠਾਕੁਰ ਐਤਵਾਰ ਕਰਨਾਟਕ ਦੇ ਦੌਰੇ ’ਤੇ ਸਨ। ਕੋਲਾਰ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਠਾਕੁਰ ਕਾਂਗਰਸ ਅਤੇ ਜਨਤਾ ਦਲ (ਐੱਸ) ’ਤੇ ਵਰ੍ਹੇ।
ਉਨ੍ਹਾਂ ਕਿਹਾ ਕਿ ਜਦੋਂ ਕਰਨਾਟਕ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਰਾਹੁਲ ਗਾਂਧੀ ਜੀ ਅਤੇ ਸੋਨੀਆ ਗਾਂਧੀ ਜੀ ਨੇ ਇਸ ਨੂੰ ਏ. ਟੀ. ਐੱਮ. ਵਾਂਗ ਵਰਤਿਆ। ਪੈਸੇ ਇੱਥੋਂ ਹੀ ਜਾਂਦੇ ਸਨ। ਜਨਤਾ ਦਲ (ਐੱਸ) ਦੀ ਸਰਕਾਰ ਵੇਲੇ ਤਾਂ ਕਰਨਾਟਕ ਇੱਕ ਪਰਿਵਾਰ ਦਾ ਏ.ਟੀ.ਐਮ. ਬਣ ਕੇ ਰਹਿੰਦਾ ਸੀ।
ਰੋਡ ਸ਼ੋਅ ਤੋਂ ਪਹਿਲਾਂ ਠਾਕੁਰ ਨੇ ਬੈਂਗਲੁਰੂ ਵਿੱਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਮੋਰਚਾ ਸਮਾਗਮ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਰਾਹੁਲ ਗਾਂਧੀ ’ਤੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਜੀ ਵਿਦੇਸ਼ ਜਾ ਕੇ ਭਾਰਤ ਦੀ ਧਰਤੀ ਨੂੰ ਭਾਰਤ ਦਾ ਹਿੱਸਾ ਨਹੀਂ ਦੱਸਦੇ। ਇਹ ਉਹੀ ਲੋਕ ਹਨ ਜਿਨ੍ਹਾਂ ਦੀ ਬਦੌਲਤ ਅੱਜ ਕਸ਼ਮੀਰ ਦਾ ਇੱਕ ਹਿੱਸਾ ਪਾਕਿਸਤਾਨ ਦੇ ਕਬਜ਼ੇ ਹੇਠ ਹੈ। ਨਰਿੰਦਰ ਮੋਦੀ ਦੀ ਸਰਕਾਰ ਨੇ ਕਸ਼ਮੀਰ ਤੋਂ ਧਾਰਾ 370 ਅਤੇ 35ਏ ਹਟਾ ਕੇ ਉਨ੍ਹਾਂ ਦੀਆਂ ਗਲਤੀਆਂ ਨੂੰ ਸੁਧਾਰਿਆ ਹੈ।