ਕਰਨਾਟਕ ਤੋਂ ਬਾਅਦ ਹੁਣ ਇਸ ਸੂਬੇ 'ਚ ਜਿੱਤਣ ਦੀ ਤਿਆਰੀ 'ਚ ਕਾਂਗਰਸ, ਮੁਫ਼ਤ ਬਿਜਲੀ ਸਣੇ ਕੀਤੇ ਵੱਡੇ ਐਲਾਨ
Friday, May 19, 2023 - 05:53 PM (IST)
ਨਵੀਂ ਦਿੱਲੀ- ਕਰਨਾਟਕ ਵਿਧਾਨ ਸਭਾ ਚੋਣਾਂ 'ਚ ਮਿਲੀ ਜਿੱਤ ਤੋਂ ਬਾਅਦ ਕਾਂਗਰਸ ਦੀ ਨਜ਼ਰ ਹੁਣ ਉਨ੍ਹਾਂ ਸੂਬਿਆਂ 'ਤੇ ਹੈ ਜਿੱਥੇ ਕੁਝ ਦਿਨਾਂ ਬਾਅਦ ਚੋਣਾਂ ਹੋਣ ਵਾਲੀਆਂ ਹਨ। ਕਾਂਗਰਸ ਹੁਣ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਨੂੰ ਲੈ ਕੇ ਜ਼ਿਆਦਾ ਆਸ਼ਾਵਾਦੀ ਹੈ। ਮੱਧ ਪ੍ਰਦੇਸ਼ ਕਾਂਗਰਸ ਦੇ ਦਿੱਗਜ ਨੇਤਾ ਕਮਲਨਾਥ ਨੇ ਐਲਾਨ ਕੀਤਾ ਹੈ ਕਿ ਹੁਣ ਦੂਜੇ ਚੋਣ ਸੂਬਿਆਂ 'ਚ ਕਾਂਗਰਸ, ਕਰਨਾਟਕ ਵਰਗੇ ਫਾਰਮੂਲੇ ਦਾ ਇਸਤੇਮਾਲ ਕਰੇਗੀ।
ਕਾਂਗਰਸ ਬਾਕੀ ਸੂਬਿਆਂ ਵਿੱਚ ਵੀ ਆਪਣੀ ਚੋਣ ਮੁਹਿੰਮ ਨੂੰ ਦੁਹਰਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਮੁਫਤ ਬਿਜਲੀ ਦੀ ਯੋਜਨਾ ਨੂੰ ਸਭ ਤੋਂ ਲੋਕਪ੍ਰਸਿੱਧ ਬਣਾਇਆ, ਉਦੋਂ ਤੋਂ ਕਾਂਗਰਸ ਵੀ ਇਸੇ ਨੂੰ ਹਥਿਆ ਰਹੀ ਹੈ। ਇਹ ਫਾਰਮੂਲਾ ਕਰਨਾਟਕ 'ਚ ਹਿੱਟ ਰਿਹਾ।
ਕਰਨਾਟਕ 'ਚ ਜਿੱਤ ਤੋਂ ਬਾਅਦ ਕਾਂਗਰਸ ਹੁਣ ਇਸੇ ਯੋਜਨਾ 'ਤੇ ਮੱਧ ਪ੍ਰਦੇਸ਼ 'ਚ ਕੰਮ ਕਰੇਗੀ। ਕਮਲਨਾਥ ਨੇ ਹੁਣ ਤੋਂ ਹੀ ਐਲਾਨ ਕਰ ਦਿੱਤਾ ਹੈ ਕਿ ਜੇਰਕ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਦੇ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ 100 ਯੂਨਿਟ ਤਕ ਬਿਜਲੀ ਖਰਚ ਕਰਨ 'ਤੇ ਬਿੱਲ ਨਹੀਂ ਦੇਣਾ ਹੋਵੇਗਾ।
ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਕੀਤੇ ਇਹ ਵਾਅਦੇ
- 100 ਯੂਨਿਟ ਤਕ ਬਿਜਲੀ ਮੁਆਫ਼, 200 ਯੂਨਿਟ ਤਕ ਹਾਫ
- 500 ਰੁਪਏ 'ਚ ਰਸੋਈ ਗੈਸ
- ਔਰਤਾਂ ਨੂੰ 1500 ਰੁਪਏ
- ਪੁਰਾਣੀ ਪੈਨਸ਼ਨ ਯੋਜਨਾ ਹੋਵੇਗੀ ਬਹਾਲ
ਕਾਂਗਰਸ ਦਾ ਇਹ ਫਾਰਮੂਲਾ ਦੋ ਸੂਬਿਆਂ 'ਚ ਹਿੱਟ ਰਿਹਾ ਹੈ। ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਦੀ ਜਿੱਤ ਦਾ ਸਿਹਰਾ ਇਸੇ ਯੋਜਨਾ ਨੂੰ ਦਿੱਤਾ ਜਾ ਰਿਹਾ ਹੈ। ਕਾਂਗਰਸ ਦਾ ਕਹਿਣਾ ਹੈ ਕਿ ਹੁਣ ਮੱਧ ਪ੍ਰਦੇਸ਼ ਚੋਣਾਂ ਵਿਚ ਭਾਜਪਾ ਦਾ ਸੁਪੜਾ ਸਾਫ ਹੋ ਸਕਦਾ ਹੈ।