ਕਾਂਗਰਸ ਪੂਰੇ ਦੇਸ਼ ’ਚ ਮਨਰੇਗਾ ਨੂੰ ਬਚਾਉਣ ਲਈ ਕਰ ਰਹੀ ਹੈ ਸੰਘਰਸ਼ : ਰਾਹੁਲ
Wednesday, Jan 21, 2026 - 12:11 AM (IST)
ਰਾਏਬਰੇਲੀ/ਲਖਨਊ- ਆਪਣੇ ਲੋਕ ਸਭਾ ਹਲਕੇ ਰਾਏਬਰੇਲੀ ਦੇ 3 ਦਿਨਾਂ ਦੌਰੇ ’ਤੇ ਆਏ ਰਾਹੁਲ ਗਾਂਧੀ ਨੇ ਮੰਗਲਵਾਰ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਦੌਰੇ ਦੇ ਦੂਜੇ ਦਿਨ ਭੂਮਾਉ ਗੈਸਟ ਹਾਊਸ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ, ਡਰਨਾ ਨਹੀਂ ਚਾਹੀਦਾ। ਸਾਨੂੰ ਕੇਂਦਰ ਤੇ ਸੂਬਾਈ ਸਰਕਾਰਾਂ ਨੂੰ ਲੋਕਾਂ ਦੇ ਸਾਹਮਣੇ ਬੇਨਕਾਬ ਕਰਨਾ ਚਾਹੀਦਾ ਹੈ। ਸਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਭਾਜਪਾ ਸਰਕਾਰ ਧਰਮ ਦਾ ਭੇਸ ਧਾਰਨ ਕਰ ਰਹੀ ਹੈ। ਇਸ ਦਾ ਪਰਦਾਫਾਸ਼ ਕਰਨਾ ਜ਼ਰੂਰੀ ਹੈ।
ਇਸ ਤੋਂ ਬਾਅਦ ਰਾਹੁਲ ਗਾਂਧੀ ਉਂਚਾਹਾਰ ਦੇ ਉਮਰਾਨ ਪਿੰਡ ’ਚ ਆਯੋਜਿਤ ‘ਮਨਰੇਗਾ ਬਚਾਓ’ ਚੌਪਾਲ ’ਚ ਸ਼ਾਮਲ ਹੋਏ। ਪੂਰਾ ਪਿੰਡ ਰਾਹੁਲ ਗਾਂਧੀ ਨੂੰ ਸੁਣਨ ਲਈ ਇਕੱਠਾ ਹੋਇਆ ਸੀ। ਕੇਂਦਰ ਸਰਕਾਰ ’ਤੇ ਦੋਸ਼ ਲਾਉਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਮੁੱਖ ਮੁੱਦਾ ਇਹ ਨਹੀਂ ਹੈ ਕਿ ਮਨਰੇਗਾ ਦਾ ਨਾਂ ਬਦਲ ਦਿੱਤਾ ਗਿਆ ਹੈ ਸਗੋਂ ਇਹ ਕਿ ਨਾਮ ਬਦਲ ਕੇ ਗਾਂਧੀ ਜੀ ਦਾ ਅਪਮਾਨ ਕੀਤਾ ਗਿਆ ਹੈ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਗਰੀਬਾਂ ਦੀ ਸੁਰੱਖਿਆ ਨੂੰ ਹਟਾ ਦਿੱਤਾ ਗਿਆ ਹੈ। ਸਾਡੀ ਤੀਜੀ ਵਾਰ ਦੀ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਮੋਦੀ ਸਰਕਾਰ ਨੇ ਉਖਾੜ ਸੁੱਟਿਆ ਹੈ। ਹੁਣ ਕਾਂਗਰਸ ਦੇਸ਼ ’ਚ ਮਨਰੇਗਾ ਨੂੰ ਬਚਾਉਣ ਲਈ ਸੰਘਰਸ਼ ਕਰੇਗੀ।
