ਕਾਂਗਰਸ ਅਤੇ ਭਾਜਪਾ ਨੇ EC ਦੇ ਨੋਟਿਸਾਂ ਦਾ ਦਿੱਤਾ ਜਵਾਬ, ਰਾਹੁਲ ਅਤੇ PM ਮੋਦੀ ਖਿਲਾਫ ਸਨ ਸ਼ਿਕਾਇਤਾਂ
Thursday, May 16, 2024 - 12:56 PM (IST)
ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ਾਂ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਨੇ ਚੋਣ ਕਮਿਸ਼ਨ ਦੇ ਨੋਟਿਸਾਂ ਦਾ ਜਵਾਬ ਦਿੱਤਾ ਹੈ। ਇਸ ਮਾਮਲੇ ’ਚ ਚੋਣ ਕਮਿਸ਼ਨ ਨੇ ਕਿਹਾ ਕਿ ਨੋਟਿਸਾਂ ਦਾ ਜਵਾਬ ਇਨ੍ਹਾਂ ਪਾਰਟੀਆਂ ਦੇ ਪ੍ਰਧਾਨਾਂ ਨੇ ਦਿੱਤਾ ਹੈ।
ਕਮਿਸ਼ਨ ਨੇ 25 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਸ਼ਿਕਾਇਤਾਂ ਦੇ ਆਧਾਰ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਜਾਰੀ ਕੀਤਾ ਸੀ ਪਰ ਕਮਿਸ਼ਨ ਨੇ ਇਹ ਨੋਟਿਸ ਪੀ. ਐੱਮ. ਮੋਦੀ ਨੂੰ ਨਾ ਭੇਜ ਕੇ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੂੰ ਭੇਜਿਆ ਸੀ। ਇਸ ਨੋਟਿਸ ’ਚ ਪ੍ਰਧਾਨ ਮੰਤਰੀ ਦਾ ਨਾਂ ਵੀ ਨਹੀਂ ਸੀ।
ਹਾਲਾਂਕਿ, ਇਸ ਨੋਟਿਸ ਨਾਲ ਜੁੜੀਆਂ ਸ਼ਿਕਾਇਤਾਂ ’ਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਰਾਜਸਥਾਨ ਦੇ ਬਾਂਸਵਾੜਾ ’ਚ ਦਿੱਤੇ ਗਏ ਵਿਵਾਵਿਦ ਚੋਣ ਭਾਸ਼ਣ ਖਿਲਾਫ ਕਾਂਗਰਸ ਦੀਆਂ ਸ਼ਿਕਾਇਤਾਂ ਦੇ ਨਾਲ-ਨਾਲ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਰਗੀਆਂ ਪਾਰਟੀਆਂ ਦੀਆਂ ਸ਼ਿਕਾਇਤਾਂ ਵੀ ਹਨ। ਉਥੇ ਹੀ ਕਾਂਗਰਸ ਨੇਤਾ ਅਤੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਖਿਲਾਫ ਕਮਿਸ਼ਨ ਕੋਲ ਦਰਜ ਸ਼ਿਕਾਇਤਾਂ ਦੇ ਮਾਮਲੇ ’ਚ ਕਮਿਸ਼ਨ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਵੀ ਅਜਿਹਾ ਹੀ ਨੋਟਿਸ ਭੇਜ ਕੇ ਜਵਾਬ ਮੰਗਿਆ ਸੀ। ਹੁਣ ਕਮਿਸ਼ਨ ਨੇ ਇਸ ’ਤੇ ਕਿਹਾ ਹੈ ਕਿ ਦੋਵਾਂ ਪਾਰਟੀਆਂ ਦੇ ਪ੍ਰਧਾਨਾਂ ਨੇ ਇਨ੍ਹਾਂ ਨੋਟਿਸਾਂ ਦਾ ਜਵਾਬ ਦੇ ਦਿੱਤਾ ਹੈ।
ਹੁਣ ਤੱਕ ਕਿੰਨੀਆਂ ਸ਼ਿਕਾਇਤਾਂ ਦਾ ਹੋਇਆ ਨਿਪਟਾਰਾ
ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਨੂੰ ਲੈ ਕੇ ਆਪਣੀ ਦੂਜੀ ਰਿਪੋਰਟ ਪੇਸ਼ ਕੀਤੀ ਹੈ। ਇਸ ਵਿਚ ਕਮਿਸ਼ਨ ਨੇ ਕਿਹਾ ਹੈ ਕਿ ਇਸ ਨਾਲ ਸਬੰਧਿਤ ਕਰੀਬ 90 ਫੀਸਦੀ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਕਾਂਗਰਸ ਅਤੇ ਭਾਜਪਾ ਨਾਲ ਸਬੰਧਿਤ ਕੁਝ ਸ਼ਿਕਾਇਤਾਂ ਅਜੇ ਪੈਂਡਿੰਗ ਹਨ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਸ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਿਤ 425 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਵਿਚੋਂ ਹੁਣ ਤੱਕ 400 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਇਸ ਚੋਣ ਵਿਚ ਕਾਂਗਰਸ ਵੱਲੋਂ ਸਭ ਤੋਂ ਵੱਧ 170 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ। ਉਥੇ ਹੀ ਭਾਜਪਾ ਵੱਲੋਂ 95 ਅਤੇ ਹੋਰ ਪਾਰਟੀਆਂ ਤੋਂ 160 ਸ਼ਿਕਾਇਤਾਂ ਕਮਿਸ਼ਨ ਨੂੰ ਮਿਲੀਆਂ ਸਨ।
ਬੀਤੀ 25 ਅਪ੍ਰੈਲ ਨੂੰ ਕਮਿਸ਼ਨ ਨੇ ਕਾਂਗਰਸ ਅਤੇ ਭਾਜਪਾ ਵੱਲੋਂ ਇਕ-ਦੂਸਰੇ ਖਿਲਾਫ ਕੀਤੀਆਂ ਗਈਆਂ ਸ਼ਿਕਾਈਤਾਂ ਦੇ ਆਧਾਰ ’ਤੇ ਦੋਵੇਂ ਹੀ ਪਾਰਟੀਆਂ ਦੇ ਕੌਮੀ ਪ੍ਰਧਾਨਾਂ ਨੂੰ ਨੋਟਿਸ ਜਾਰੀ ਕਰ ਕੇ ਇਸ ’ਤੇ ਜਵਾਬ ਦੇਣ ਲਈ ਕਿਹਾ ਸੀ। ਦੋਵੇਂ ਹੀ ਪਾਰਟੀਆਂ ਨੇ ਇਕ-ਦੂਜੇ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਲਾਏ ਸਨ।
ਇਹ ਨੋਟਿਸ ਇਸ ਲਈ ਮਹੱਤਵਪੂਰਨ ਵੀ ਸਨ ਅਤੇ ਕੁਝ ਵੱਖਰੇ ਸਨ ਕਿਉਂਕਿ ਪਹਿਲੀ ਵਾਰ ਚੋਣ ਕਮਿਸ਼ਨ ਨੇ ਸਟਾਰ ਪ੍ਰਚਾਰਕਾਂ ਨੂੰ ਨੋਟਿਸ ਜਾਰੀ ਕਰਨ ਦੀ ਬਜਾਏ ਉਨ੍ਹਾਂ ਦੇ ਪ੍ਰਧਾਨਾਂ ਨੂੰ ਨੋਟਿਸ ਜਾਰੀ ਕੀਤੇ ਸਨ। ਉਦੋਂ ਕਿਹਾ ਜਾ ਰਿਹਾ ਸੀ ਕਿ ਕਮਿਸ਼ਨ ਨੇ ਸਟਾਰ ਪ੍ਰਚਾਰਕਾਂ ਦੇ ਵਿਵਾਦਤ ਭਾਸ਼ਣਾਂ ਲਈ ਉਨ੍ਹਾਂ ਦੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਪਹਿਲੇ ਸਮਿਆਂ ’ਚ ਕਮਿਸ਼ਨ ਨੇਤਾਵਾਂ ਨੂੰ ਵਿਅਕਤੀਗਤ ਤੌਰ ’ਤੇ ਨੋਟਿਸ ਜਾਰੀ ਕਰਦਾ ਸੀ, ਜਿਨ੍ਹਾਂ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਗਾਇਆ ਜਾਂਦਾ ਸੀ ਪਰ ਹੁਣ ਕਮਿਸ਼ਨ ਨੇ ਨਵਾਂ ਤਰੀਕਾ ਅਪਣਾਇਆ ਹੈ। ਕਮਿਸ਼ਨ ਹੁਣ ਸਟਾਰ ਪ੍ਰਚਾਰਕਾਂ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲੱਗਣ ’ਤੇ ਉਸ ਪਾਰਟੀ ਦੇ ਪ੍ਰਧਾਨ ਨੂੰ ਨੋਟਿਸ ਜਾਰੀ ਕਰਨ ਲੱਗਾ ਹੈ।