ਕਮਲਨਾਥ ਦਾ ਤੋਹਫਾ, ਕੰਪਿਊਟਰ ਬਾਬਾ ਨੂੰ ਨਰਮਦਾ ਨਦੀ ਟਰੱਸਟ ਦਾ ਬਣਾਇਆ ਮੁਖੀ
Wednesday, Jun 05, 2019 - 10:35 PM (IST)

ਭੋਪਾਲ– ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਤੋਹਫਾ ਦਿੰਦਿਆਂ ਕੰਪਿਊਟਰ ਬਾਬਾ ਨੂੰ ਨਰਮਦਾ ਨਦੀ ਟਰੱਸਟ ਦਾ ਮੁਖੀ ਬਣਾ ਦਿੱਤਾ ਹੈ। ਲੋਕ ਸਭਾ ਦੀਆਂ ਚੋਣਾਂ ਦੌਰਾਨ ਚਰਚਾ ਵਿਚ ਰਹੇ ਨਾਮਦੇਵ ਦਾਸ ਤਿਆਗੀ ਉਰਫ ਕੰਪਿਊਟਰ ਬਾਬਾ ਨੇ ਬੁੱਧਵਾਰ ਮੰਤਰਾਲਾ ਵਿਖੇ ਪਹੁੰਚ ਕੇ ਨਰਮਦਾ, ਕਸ਼ਿਪਰਾ ਅਤੇ ਮੰਦਾਕਿਨੀ ਨਦੀ ਟਰੱਸਟ ਦੇ ਮੁਖੀ ਦਾ ਅਹੁਦਾ ਸੰਭਾਲ ਲਿਆ। ਇਸ ਮੌਕੇ ’ਤੇ ਰਾਜ ਸਭਾ ਦੇ ਮੈਂਬਰ ਦਿਗਵਿਜੇ ਸਿੰਘ, ਜਨਸੰਪਰਕ ਮੰਤਰੀ ਪੀ. ਸੀ. ਸ਼ਰਮਾ, ਕਈ ਸੰਤ ਅਤੇ ਹੋਰ ਲੋਕ ਪ੍ਰਤੀਨਿਧੀ ਮੌਜੂਦ ਸਨ।
ਜਨਸੰਪਰਕ ਮੰਤਰੀ ਸ਼ਰਮਾ ਨੇ ਦੱਸਿਆ ਕਿ ਉਕਤ ਟਰੱਸਟ ਨਰਮਦਾ, ਮੰਦਾਕਿਨੀ ਅਤੇ ਕਸ਼ਿਪਰਾ ਨਦੀਆਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰੇਗਾ। ਇਹ ਟਰੱਸਟ ਲੋਕਾਂ ਦੀਆਂ ਅਧਿਆਤਮਕ, ਸੱਭਿਆਚਾਰਕ, ਸਮਾਜਿਕ, ਆਰਥਿਕ ਅਤੇ ਚੌਗਿਰਦੇ ਬਾਰੇ ਇੱਛਾਵਾਂ ਦੀ ਪੂਰਤੀ ਲਈ ਕੰਮ ਕਰੇਗਾ। ਟਰੱਸਟ ਦਰਿਆਵਾਂ ਨੂੰ ਸੁਰੱਖਿਅਤ ਰੱਖਣ ਬਾਰੇ ਵੀ ਕਦਮ ਚੁੱਕੇਗਾ। ਆਮ ਲੋਕਾਂ ਨੂੰ ਦਰਿਆਵਾਂ ਦੇ ਹਿੱਤਾਂ ਵਿਚ ਕੰਮ ਕਰਨ ਲਈ ਪ੍ਰੇਰਿਆ ਜਾਏਗਾ। ਟਰੱਸਟ ਵਿਚ 16 ਮੈਂਬਰ ਲਏ ਗਏ ਹਨ।