ਹੈਲਪਲਾਈਨ 181 ''ਤੇ ਮਿਲੀਆਂ ਸ਼ਿਕਾਇਤਾਂ ਤੋਂ ਖੁਲਾਸਾ, 12 ਸੂਬਿਆਂ ਨੇ ਗੁਹਾਰ ਲਗਾ ਰਹੀ ਹਰੇਕ ਔਰਤ ਦੀ ਕੀਤੀ ਮਦਦ
Wednesday, Aug 09, 2023 - 01:41 PM (IST)

ਨਵੀਂ ਦਿੱਲੀ- ਦੇਸ਼ 'ਚ ਔਰਤਾਂ ਦੀ ਮਦਦ ਲਈ ਹੈਲਪਲਾਈਨ 181 ਹੈ। ਇਸ 'ਤੇ ਆਉਣ ਵਾਲੀਆਂ ਸ਼ਿਕਾਇਤਾਂ 'ਤੇ ਤੁਰੰਤ ਕਾਨੂੰਨੀ ਮਦਦ ਮੁਹੱਈਆ ਕਰਾਉਣ ਦੇ ਮਾਮਲੇ 'ਚ ਪੰਜਾਬ, ਹਿਮਾਚਲ ਅਤੇ ਰਾਜਸਥਾਨ ਸਣੇ 12 ਸੂਬੇ ਅੱਗੇ ਹਨ। ਇਥੇ ਔਰਤਾਂ ਦੁਆਰਾ ਫੋਨ 'ਤੇ ਕੀਤੀਆਂ ਜਾਣ ਵਾਲੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ। 2 ਸਾਲਾਂ 'ਚ ਮਹਿਲਾ ਹੈਲਪਲਾਈਨ 181 'ਤੇ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਲੈ ਕੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਨੇ ਸੂਬਿਆਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਇਕ ਡਾਟਾ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਰਾਹੀਂ ਕਈ ਖੁਲਾਸੇ ਹੋਏ ਹਨ।
ਰਿਪੋਰਟ ਮੁਤਾਬਕ, ਪੰਜਾਬ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਉੱਤਰ-ਪ੍ਰਦੇਸ਼, ਉਤਰਾਖੰਡ, ਗੁਜਰਾਤ, ਮਹਾਰਾਸ਼ਟਰ, ਦਾਦਰ ਨਗਰ ਹਵੇਲੀ, ਜੰਮੂ-ਕਸ਼ਮੀਰ ਅਤੇ ਲੱਦਾਖ, ਮਿਜ਼ੋਰਮ ਅਤੇ ਨਾਗਾਲੈਂਡ ਦੀ ਪੁਲਸ ਕੋਲ ਮਦਦ ਮੰਗਣ ਵਾਲੀ ਹਰ ਔਰਤ ਨੂੰ ਸੌ-ਫੀਸਦੀ ਕਾਨੂੰਨੀ ਮਦਦ ਪ੍ਰਦਾਨ ਕੀਤੀ ਗਈ ਹੈ। ਉਥੇ ਹੀ ਮੱਧ-ਪ੍ਰਦੇਸ਼, ਹਰਿਆਣਾ, ਬਿਹਾਰ, ਛੱਤੀਸਗੜ੍ਹ, ਝਾਰਖੰਡ, ਮਣੀਪੁਰ ਸਣੇ 14 ਸੂਬੇ ਅਜਿਹੇ ਹਨ, ਜਿਥੇ ਲੱਖਾਂ ਸ਼ਿਕਾਇਤਾਂ ਆਈਆਂ ਪਰ ਮਦਦ ਘੱਟ ਮਿਲੀ।
ਹੈਲਪਲਾਈਨ 'ਤੇ ਪਾਰਕਿੰਗ ਵਿਵਾਦ ਤਕ ਦੀ ਸ਼ਿਕਾਇਤ
ਔਰਤਾਂ ਹੈਲਪਲਾਈਨ 181 'ਤੇ ਘਰੇਲੂ ਹਿੰਸਾ, ਛੇੜਛਾੜ, ਜ਼ਬਰ-ਜਿਨਾਹ, ਘਰੇਲੂ ਝਗੜੇ, ਰਾਤ ਦੇ ਸਮੇਂ ਔਰਤ ਦੀ ਗੱਡੀ ਸੁਨਸਾਨ ਸੜਕ 'ਤੇ ਖਰਾਬ ਹੋਣ 'ਤੇ ਮਦਦ ਮੰਗਣਾ, ਪਾਰਕਿੰਗ ਵਿਵਾਦ, ਗੁਆਂਢੀ ਨਾਲ ਝਗੜਾ ਅਤੇ ਹੋਰ ਛੋਟੇ-ਮੋਟੇ ਮਾਮਲਿਆਂ ਨੂੰ ਲੈ ਕੇ ਵੀ ਫੋਨ ਕਰਦੀਆਂ ਹਨ। ਇਸ ਹੈਲਪਲਾਈਨ ਨੰਬਰ 'ਤੇ ਚੈਨ ਸਨੈਚਿੰਗ, ਮੋਬਾਇਲ ਖੋਹਣ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ।