ਬਾਂਦੀਪੁਰਾ ਵਿਚ ਮੁਕਾਬਲਾ, 4 ਅੱਤਵਾਦੀ ਫਰਾਰ

Saturday, Mar 17, 2018 - 09:24 AM (IST)

ਬਾਂਦੀਪੁਰਾ ਵਿਚ ਮੁਕਾਬਲਾ, 4 ਅੱਤਵਾਦੀ ਫਰਾਰ

ਸ਼੍ਰੀਨਗਰ (ਮਜੀਦ)— ਉੱਤਰ ਕਸ਼ਮੀਰ ਵਿਚ ਬਾਂਦੀਪੁਰਾ ਜ਼ਿਲੇ ਦੇ ਹਾਜ਼ਿਨ ਵਿਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ। ਇਸ ਐਨਕਾਊਂਟਰ ਵਿਚ ਗੋਲੀਬਾਰੀ ਦੀ ਆੜ 'ਚ ਅੱਤਵਾਦੀ ਫਰਾਰ ਹੋਣ ਵਿਚ ਕਾਮਯਾਬ ਹੋ ਗਏ। 
ਸ਼ੁੱਕਰਵਾਰ ਤੜਕਸਾਰ ਫੌਜ, ਸੀ. ਆਰ. ਪੀ. ਐੱਫ. ਅਤੇ ਜੰਮੂ-ਕਸ਼ਮੀਰ ਪੁਲਸ ਨੇ ਹਾਜ਼ਿਨ ਦੇ ਖੋਸ ਮੁਹੱਲੇ ਵਿਚ ਇਕ ਸਰਚ ਆਪ੍ਰੇਸ਼ਨ ਚਲਾਇਆ। ਇਸ ਆਪ੍ਰੇਸ਼ਨ ਦੌਰਾਨ 3 ਤੋਂ 4 ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਰਾਤ ਦਾ ਹਨੇਰਾ ਹੋਣ ਕਾਰਨ ਅੱਤਵਾਦੀ ਗੋਲੀਬਾਰੀ ਵਿਚਾਲੇ ਹੀ ਦੌੜਨ 'ਚ ਕਾਮਯਾਬ ਹੋ ਗਏ।  ਸਵੇਰੇ 7.30 ਵਜੇ ਜਦੋਂ ਸੁਰੱਖਿਆ ਬਲਾਂ ਨੇ ਮੁਹਿੰਮ ਖਤਮ ਕੀਤੀ ਤਾਂ ਇਥੋਂ ਦੇ ਸਥਾਨਕ ਲੋਕਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਸੀ।

PunjabKesari
ਓਧਰ ਦੱਖਣ-ਕਸ਼ਮੀਰ ਦੇ ਕੁਲਗਾਮ ਜ਼ਿਲੇ ਵਿਚ ਪੁਲਸ ਨੇ ਹਥਿਆਰਾਂ ਸਣੇ ਇਕ ਸ਼ੱਕੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਬੁਲਾਰੇ ਨੇ ਕਿਹਾ ਕਿ ਜ਼ਿਲੇ ਦੇ ਨੀਲੋ, ਕਾਕਰਨ  ਅਤੇ ਅਦੀਜਾਨ ਇਲਾਕਿਆਂ ਵਿਚ ਸੁਰੱਖਿਆ ਬਲਾਂ ਵਲੋਂ ਵਿਸ਼ੇਸ਼ ਨਾਕੇ ਲਗਾਏ ਗਏ ਸਨ। ਉਨ੍ਹਾਂ ਨੇ ਕਿਹਾ ਕਿ ਅਦੀਜਾਨ ਇਲਾਕੇ ਵਿਚ ਇਕ ਸ਼ੱਕੀ ਨੂੰ ਫੜਿਆ ਗਿਆ, ਜਿਸ ਕੋਲੋਂ ਚੀਨੀ ਪਿਸਤੌਲ, ਇਕ ਮੈਗਜ਼ੀਨ, 5 ਕਾਰਤੂਸ ਅਤੇ 10 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਉਕਤ ਸ਼ੱਕੀ ਦੀ ਪਛਾਣ ਸ਼ਾਹਨਵਾਜ਼ ਅਹਿਮਦ ਮੀਰ ਪੁੱਤਰ ਅਬਦੁੱਲ ਰਹਿਮਾਨ ਮੀਰ ਨਿਵਾਸੀ ਬੁਗਾਮ ਦੇ ਰੂਪ ਵਿਚ ਹੋਈ ਹੈ। 
ਸ਼੍ਰੀਨਗਰ ਵਿਚ ਮਾਰੇ ਗਏ ਅੱਤਵਾਦੀਆਂ ਦਾ ਸਬੰਧ ਆਈ. ਐੱਸ. ਨਾਲ-ਸ਼੍ਰੀਨਗਰ ਦੇ ਬਾਹਰੀ ਇਲਾਕੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਮਾਰੇ ਗਏ 2 ਅੱਤਵਾਦੀ ਇਸਲਾਮਿਕ ਸਟੇਟ (ਆਈ. ਐੱਸ.) ਨਾਲ ਸਬੰਧਿਤ ਸਮੂਹ ਨਾਲ ਜੁੜੇ ਸਨ। ਮੁਕਾਬਲਾ ਐਤਵਾਰ ਰਾਤ ਬਾਲਹਾਮਾ ਇਲਾਕੇ ਵਿਚ ਹੋਇਆ ਸੀ। 
ਪੁਲਸ ਮੁਤਾਬਕ ਮੁਕਾਬਲੇ ਦੌਰਾਨ ਮਾਰੇ ਗਏ ਦੋਵਾਂ ਅੱਤਵਾਦੀਆਂ ਦੀ ਪਛਾਣ ਤਰਾਲ ਦੇ ਰਾਸਿਕ ਨਵੀ ਭੱਟ ਅਤੇ ਅਵੰਤੀਪੁਰਾ ਦੇ ਸ਼ਬੀਰ ਡਾਰ ਦੇ ਰੂਪ ਵਿਚ ਹੋਈ ਹੈ। ਇਹ ਦੋਵੇਂ ਅੱਤਵਾਦੀ ਅੰਸਾਰ ਗਜਾਵਤ-ਉਲ-ਹਿੰਦ ਦੇ ਮੈਂਬਰ ਸਨ। ਪੁਲਸ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਇਹ ਦੋਵੇਂ ਪਿਛਲੇ ਸਾਲ ਇਸ ਸਮੂਹ ਵਿਚ ਸ਼ਾਮਲ ਹੋਏ ਸਨ। ਇਨ੍ਹਾਂ ਅੱਤਵਾਦੀਆਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਨੇਤਾ ਦੀ ਗੱਡੀ 'ਤੇ ਗੋਲੀਬਾਰੀ ਕੀਤੀ ਸੀ। ਜਿਸ ਵਿਚ ਉਨ੍ਹਾਂ ਦਾ ਸੁਰੱਖਿਆ ਮੁਲਾਜ਼ਮ ਜ਼ਖਮੀ ਹੋ ਗਿਆ ਸੀ।


Related News