ਸਾਂਝੇ ਮੁੱਲਾਂ ''ਤੇ ਵਿਸ਼ਵਾਸ ਕਾਰਨ ਖੁਸ਼ਹਾਲ ਹੋ ਰਹੇ ਹਨ ਅਮਰੀਕਾ, ਇਜ਼ਰਾਇਲ ਨਾਲ ਭਾਰਤ ਦੇ ਸਬੰਧ: ਸਰਨਾ
Wednesday, Dec 20, 2017 - 05:33 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਭਾਰਤੀ ਰਾਜਦੂਤ ਨਵਤੇਜ ਸਰਨਾ ਨੇ ਕਿਹਾ ਹੈ ਕਿ ਵਿਸ਼ਵ ਭਰ ਵਿਚ ਸ਼ਾਂਤੀ ਦੀ ਇੱਛਾ ਅਤੇ ਮਨੁੱਖੀ ਮੁੱਲਾਂ 'ਤੇ ਸਾਂਝਾ ਵਿਸ਼ਵਾਸ ਕਾਰਨ ਹੀ ਅਮਰੀਕਾ, ਇਜ਼ਰਾਇਲ ਦੇ ਨਾਲ ਭਾਰਤ ਦੇ ਸਬੰਧ ਖੁਸ਼ਹਾਲ ਹੋ ਰਹੇ ਹਨ। ਸਰਨਾ ਨੇ ਇੱਥੇ ਭਾਰਤੀ ਦੂਤਘਰ ਵਿਚ ਹਨੁੱਕਾ ਉਤਸਵ ਦੌਰਾਨ ਕਿਹਾ ਕਿ ਭਾਰਤੀ ਯਹੂਦੀ ਭਾਰਤੀ ਅਮਰੀਕੀ ਭਾਈਚਾਰੇ ਦਾ ਮਹੱਤਵਪੂਰਨ ਹਿੱਸਾ ਹਨ। ਉਨ੍ਹਾਂ ਕਿਹਾ 'ਦੋਵਾਂ (ਭਾਰਤ-ਅਮਰੀਕਾ ਤੇ ਭਾਰਤ-ਇਜ਼ਰਾਇਲ) ਦੇਸ਼ਾਂ ਵਿਚਕਾਰ ਸਬੰਧ ਅੱਜ ਇਸ ਤਰ੍ਹਾਂ ਵਿਕਸਿਤ ਹੋ ਰਹੇ ਹਨ, ਜਿਵੇਂ ਪਹਿਲਾਂ ਕਦੇ ਨਹੀਂ ਹੋਏ।' ਸਰਨਾ ਨੇ ਇਹ ਵੀ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਵਿਕਸਿਤ ਕਿਉਂ ਹੋ ਰਹੇ ਹਨ, ਕਿਉਂਕਿ ਦੋਵਾਂ ਦਾ ਮਨੁੱਖੀ ਮੁੱਲਾਂ ਵਿਚ, ਲੋਕਤੰਤਰ ਵਿਚ, ਕਾਨੂੰਨ ਵਿਚ ਵਿਸ਼ਵਾਸ ਹੈ ਅਤੇ ਵਿਸ਼ਵ ਭਰ ਵਿਚ ਸ਼ਾਂਤੀ ਦੀ ਇੱਛਾ ਹੈ।' ਇਸ ਪ੍ਰੋਗਰਾਮ ਵਿਚ ਭਾਰਤੀ ਅਮਰੀਕੀ ਯਹੂਦੀ ਭਾਈਚਾਰਾ ਅਤੇ ਹੋਰ ਪਤਵੰਤੇ ਮੌਜੂਦ ਸਨ।
ਉਨ੍ਹਾਂ ਕਿਹਾ, 'ਮੇਰਾ ਮੰਨਣਾ ਹੈ ਕਿ ਅਮਰੀਕਾ ਵਿਚ ਭਾਰਤੀ ਅਮਰੀਕੀ ਯਹੂਦੀ ਭਾਈਚਾਰਾ ਪੂਰੇ ਭਾਰਤੀ ਭਾਈਚਾਰੇ ਦਾ ਮਹੱਤਵਪੂਰਨ ਹਿੱਸਾ ਹੈ, ਜਿਨ੍ਹਾਂ ਦੀ ਗਿਣਤੀ 30 ਲੱਖ ਦੇ ਕਰੀਬ ਹੋਣ ਵਾਲੀ ਹੈ।' ਉਥੇ ਹੀ ਇਜ਼ਰਾਇਲ ਵਿਚ ਭਾਰਤੀ ਯਹੂਦੀ ਭਾਈਚਾਰੇ ਦੀ ਗਿਣਤੀ 80 ਹਜ਼ਾਰ ਦੇ ਕਰੀਬ ਹੈ। ਸਰਨਾ ਨੇ ਕਿਹਾ, 'ਇਸ ਸਾਲ ਸਾਡੇ ਕੋਲ ਉਤਸਵ ਮਨਾਉਣ ਲਈ ਬਹੁਤ ਕੁੱਝ ਹੈ। ਸਾਨੂੰ ਇਜ਼ਰਾਇਲ ਅਤੇ ਭਾਰਤ ਵਿਚਕਾਰ 25 ਸਾਲ ਦੇ ਰਾਜਨੀਤਕ ਸਬੰਧ ਦਾ ਜਸ਼ਨ ਮਨਾਉਣਾ ਹੈ। ਸਾਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੀ ਅਮਰੀਕਾ ਦੀ ਸਫਲ ਯਾਤਰਾ ਦਾ ਜਸ਼ਨ ਮਨਾਉਣਾ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਇਜ਼ਰਾਇਲ ਯਾਤਰਾ ਦਾ ਵੀ ਜਸ਼ਨ ਮਨਾਉਣਾ ਹੈ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦਾ ਅਗਲੇ ਮਹੀਨੇ ਭਾਰਤ ਆਉਣ ਦਾ ਪ੍ਰੋਗਰਾਮ ਹੈ। ਪ੍ਰਤੀਨਿਧੀ ਸਭਾ ਵਿਚ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਬ੍ਰਾਡ ਸਚਨੇਡਰ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 3 ਦੇਸ਼ਾਂ ਦੇ ਭਾਈਚਾਰਿਆਂ ਵਿਚਕਾਰ ਸਬੰਧ ਅਸਲ ਵਿਚ ਬੇਮਿਸਾਲ ਹਨ।