ਦੀਵਾਲੀ 'ਤੇ CM ਦਾ ਵੱਡਾ ਐਲਾਨ, ਸੂਬੇ ਨੂੰ 24 ਘੰਟੇ ਮਿਲੇਗੀ ਬਿਜਲੀ
Friday, Oct 25, 2024 - 11:37 AM (IST)
ਲਖਨਊ- ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ। 28 ਅਕਤੂਬਰ ਤੋਂ 15 ਨਵੰਬਰ ਤੱਕ ਬਿਜਲੀ ਕਟੌਤੀ ਨਾ ਹੋਵੇ, ਇਸ ਕਰ ਕੇ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਸੂਬੇ ਵਿਚ 24 ਘੰਟੇ ਬਿਜਲੀ ਦੀ ਸਪਲਾਈ ਯਕੀਨੀ ਕਰਨ ਦਾ ਐਲਾਨ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਹ ਯਕੀਨੀ ਕੀਤਾ ਜਾਵੇ ਕਿ 28 ਅਕਤੂਬਰ ਤੋਂ 15 ਨਵੰਬਰ ਤੱਕ ਸੂਬੇ ਵਿਚ ਬਿਜਲੀ ਕਟੌਤੀ ਨਾ ਹੋਵੇ। ਮੁੱਖ ਮੰਤਰੀ ਨੇ ਇਹ ਹੁਕਮ ਡਿਵੀਜ਼ਨਲ ਕਮਿਸ਼ਨਰਾਂ, ਜ਼ਿਲ੍ਹਾ ਮੈਜਿਸਟ੍ਰੇਟਾਂ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਹੋਈ ਮੀਟਿੰਗ ਦੌਰਾਨ ਜਾਰੀ ਕੀਤੇ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਇਨ੍ਹਾਂ ਲੋਕਾਂ ਨੂੰ ਹਰ ਮਹੀਨੇ ਮਿਲੇਗੀ 5,000 ਰੁਪਏ ਪੈਨਸ਼ਨ
ਆਦਿਤਿਆਨਾਥ ਨੇ ਕਿਹਾ ਕਿ ਖੁਸ਼ੀ ਅਤੇ ਜਸ਼ਨ ਦੇ ਇਸ ਦੌਰ ਵਿਚ 28 ਅਕਤੂਬਰ ਤੋਂ 15 ਨਵੰਬਰ ਤੱਕ ਪੂਰੇ ਸੂਬੇ 'ਚ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਪਾਵਰ ਕਾਰਪੋਰੇਸ਼ਨ ਨੂੰ ਇਸ ਸਬੰਧੀ ਲੋੜੀਂਦੀ ਤਿਆਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸਿਹਤ ਅਤੇ ਟਰਾਮਾ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣੀਆਂ ਚਾਹੀਦੀਆਂ ਹਨ। ਡਾਕਟਰ ਹਰ ਖੇਤਰ ਵਿਚ ਆਸਾਨੀ ਨਾਲ ਉਪਲਬਧ ਹੋਣੇ ਚਾਹੀਦੇ ਹਨ, ਚਾਹੇ ਉਹ ਪਿੰਡ ਹੋਣ ਜਾਂ ਸ਼ਹਿਰ।
ਇਹ ਵੀ ਪੜ੍ਹੋ- ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਦੀਵਾਲੀ 'ਤੇ ਮਿਲਿਆ ਇਹ ਤੋਹਫ਼ਾ
ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੇ ਤਿਉਹਾਰਾਂ ਦੌਰਾਨ ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟ ਦੇ ਖਤਰੇ ਵੱਲ ਵੀ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਫੂਡ ਸੇਫਟੀ ਨਿਰੀਖਣ ਤੇਜ਼ ਕੀਤਾ ਜਾਵੇ ਪਰ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਨਿਰੀਖਣ ਦੇ ਨਾਂ 'ਤੇ ਕਿਸੇ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਨੂੰ ਪੇਂਡੂ ਰੂਟਾਂ 'ਤੇ ਬੱਸਾਂ ਦੀ ਗਿਣਤੀ ਵਧਾਉਣ ਦੇ ਹੁਕਮ ਵੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਖਸਤਾਹਾਲ ਬੱਸਾਂ ਨੂੰ ਸੜਕਾਂ 'ਤੇ ਨਾ ਚੱਲਣ ਦਿੱਤਾ ਜਾਵੇ। ਮੁੱਖ ਮੰਤਰੀ ਨੇ ਸਖ਼ਤ ਕਾਨੂੰਨ ਵਿਵਸਥਾ, ਸਮਾਜ ਦੇ ਸਾਰੇ ਵਰਗਾਂ ਨਾਲ ਲਗਾਤਾਰ ਸੰਵਾਦ ਅਤੇ ਸਹਿਯੋਗ 'ਤੇ ਜ਼ੋਰ ਦਿੱਤਾ ਅਤੇ ਪੁਲਸ ਨੂੰ 24 ਘੰਟੇ ਹਾਈ ਅਲਰਟ 'ਤੇ ਰਹਿਣ ਦੇ ਆਦੇਸ਼ ਦਿੱਤੇ।
ਇਹ ਵੀ ਪੜ੍ਹੋ- ਯਾਤਰੀਆਂ ਲਈ ਖ਼ਾਸ ਖ਼ਬਰ; ਰੇਲਵੇ ਚਲਾਏਗਾ 7,000 ਸਪੈਸ਼ਲ ਟਰੇਨਾਂ